ਪੰਜਾਬ ਵਿੱਚ ਮੁੜ ਤੋਂ ਸਰਕਾਰੀ ਬੱਸਾਂ ਸੜਕਾਂ ‘ਤੇ ਦੌੜਨੀਆਂ ਸ਼ੁਰੂ ਹੋ ਗਈਆਂ ਹਨ । ਪੰਜਾਬ ਵਿੱਚ ਰੋਡਵੇਜ਼, ਪਨਬਸ ਅਤੇ PRTC ਕੰਟਰੈਕਟ ਵਰਕਰਾਂ ਦੀ 5 ਦਿਨਾਂ ਹੜਤਾਲ ਮੰਗਲਵਾਰ ਨੂੰ ਖਤਮ ਹੋ ਗਈ ।
ਲੁਧਿਆਣਾ ਬੱਸ ਸਟੈਂਡ ‘ਤੇ ਪੰਜਾਬ ਰੋਡਵੇਜ਼, ਪਨਬਸ, ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹੜਤਾਲ ਦੌਰਾਨ ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਵਿਰੁੱਧ 307 ਵਰਗੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ। ਇਸ ਦੌਰਾਨ ਪ੍ਰਬੰਧਨ ਨੇ ਇੱਕ ਤਾਨਾਸ਼ਾਹੀ ਨਿਰਦੇਸ਼ ਜਾਰੀ ਕੀਤਾ ਕਿ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਵਿਭਾਗੀ ਕਾਰਵਾਈ ਅਤੇ ਬਰਖਾਸਤਗੀ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ 'ਤੇ ਕੈਦ ਕੀਤੇ ਗਏ ਸਾਥੀਆਂ ਦੀ ਰਿਹਾਈ ਅਤੇ ਸਾਰੇ ਮੁਲਾਜ਼ਮਾਂ ਦੀ ਬਹਾਲੀ ਦੀ ਮੰਗ ਲਈ ਸੀ। ਯੂਨੀਅਨ ਆਗੂਆਂ ਦੇ ਮੁਤਾਬਕ ਮੈਨੇਜਮੈਂਟ ਨਾਲ ਇਨ੍ਹਾਂ ਮੰਗਾਂ ‘ਤੇ ਸਹਿਮਤੀ ਬਣਨ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ। ਕਾਬਿਲਗੌਰ ਹੈ ਕਿ ਪੰਜਾਬ ਵਿੱਚ ਕਰੀਬ 1,600 ਬੱਸਾਂ ਪੰਜ ਦਿਨਾਂ ਤੋਂ ਵੱਖ-ਵੱਖ ਡਿਪੂਆਂ ‘ਤੇ ਖੜ੍ਹੀਆਂ ਹਨ। ਜੋ ਕਿ ਹੜਤਾਲ ਖਤਮ ਹੋਣ ਤੋਂ ਬਾਅਦ ਸੜਕਾਂ 'ਤੇ ਦੌੜਨੀਆਂ ਸ਼ੁਰੂ ਹੋ ਗਈਆਂ ਹਨ ।