Trending:
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਹੱਦ ਅੰਦਰ ਹਰਿਆਣਾ ਅਤੇ ਚੰਡੀਗੜ ਪੁਲਿਸ ਦੀ ਤੈਨਾਤੀ ਤੇ ਪੰਜਾਬ ਸਰਕਾਰ ਤੋਂ ਜਵਾਬ ਦੀ ਮੰਗ ਕੀਤੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਕਾਇਦਾ ਇੱਕ ਵੀਡਿਓ ਜਾਰੀ ਕਰਦੇ ਹੋਏ ਸਵਾਲ ਕੀਤਾ ਹੈ ਕਿ, ਇਹ ਦੱਸਿਆ ਜਾਵੇ ਕਿ ਹਰਿਆਣਾ ਅਤੇ ਚੰਡੀਗੜ ਪੁਲਿਸ ਦੀ ਪੰਜਾਬ ਦੀ ਹੱਦ ਅੰਦਰ ਤੈਨਾਤੀ ਕਿਵੇਂ ਅਤੇ ਕਿਸ ਦੇ ਹੁਕਮਾਂ ਉਪਰ ਕੀਤੀ ਗਈ।
ਜਥੇਦਾਰ ਗਿ.ਹਰਪ੍ਰੀਤ ਸਿੰਘ ਨੇ ਕਿਹਾ ਕਿ, ਪੰਜਾਬ ਸਰਕਾਰ ਅੱਜ ਕੇਂਦਰ ਦੀ ਕਠਪੁਤਲੀ ਬਣ ਚੁੱਕੀ ਹੈ। ਬੀਬੀਐਮਬੀ ਉਪਰ ਕੇਂਦਰ ਦੇ ਕਬਜ਼ੇ ਤੋਂ ਬਾਅਦ ਹੁਣ ਪੰਜਾਬ ਦੀ ਸਰਜ਼ਮੀਨ ‘ਤੇ ਹਰਿਆਣਾ ਅਤੇ ਚੰਡੀਗੜ ਪੁਲਿਸ ਦੀ ਤੈਨਾਤੀ ਸਾਬਿਤ ਕਰਦੀ ਹੈ ਕਿ ਇੱਕ ਕਮਜ਼ੋਰ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਕਦੇ ਸੂਬੇ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਵਾਇਆ ਕਿ, ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ ਤੋਂ ਪੰਜਾਬ ਦੇ ਦਾਅਵੇ ਨੂੰ ਕਮਜ਼ੋਰ ਕਰਦੇ ਹੋਏ ਵਿਧਾਨ ਸਭਾ ਲਈ ਵੱਖਰੀ ਜਗ੍ਹਾ ਦੀ ਮੰਗ ਕਰਦੇ ਹੋਏ ਟਵੀਟ ਕਰ ਚੁੱਕੇ ਹਨ।