Sunday, 11th of January 2026

PB zila parishad panchayat samiti elections announced, ਪੰਜਾਬ ਵਿੱਚ ਵੱਜਿਆ ਚੋਣ ਬਿਗੁਲ

Reported by: Sukhjinder Singh  |  Edited by: Jitendra Baghel  |  November 28th 2025 05:04 PM  |  Updated: November 28th 2025 05:04 PM
PB zila parishad panchayat samiti elections announced, ਪੰਜਾਬ ਵਿੱਚ ਵੱਜਿਆ ਚੋਣ ਬਿਗੁਲ

PB zila parishad panchayat samiti elections announced, ਪੰਜਾਬ ਵਿੱਚ ਵੱਜਿਆ ਚੋਣ ਬਿਗੁਲ

ਪੰਜਾਬ ਰਾਜ ਚੋਣ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਸੂਬੇ ਅੰਦਰ 14 ਦਸੰਬਰ ਦਿਨ ਐਤਵਾਰ ਨੂੰ ਵੋਟਾਂ ਪੈਣਗੀਆਂ ਅਤੇ 17 ਦਸੰਬਰ ਨੂੰ ਨਤੀਜੇ ਆਉਣਗੇ, 1 ਦਸੰਬਰ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋਵੇਗਾ । ਉਮੀਦਵਾਰ 4 ਦਸੰਬਰ ਨੂੰ ਤਿੰਨ ਵਜੇ ਤੱਕ ਕਾਗ਼ਜ਼ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ 5 ਦਸੰਬਰ ਨੂੰ ਪੜਤਾਲ ਹੋਵੇਗੀ। ਉਮੀਦਵਾਰ 6 ਦਸੰਬਰ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ । ਚੋਣ ਤਰੀਕਾਂ ਦਾ ਐਲਾਨ ਹੁੰਦਿਆਂ ਹੀ ਸੂਬੇ ਅੰਦਰ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਰਾਜ ਚੋਣ ਕਮਿਸ਼ਨਰ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਰਿਸ਼ਦ ਦੇ 357 ਜ਼ੋਨਾਂ ਤੇ ਪੰਚਾਇਤ ਸਮਿਤੀ ਦੇ 2863 ਜ਼ੋਨਾਂ ’ਚ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ।

ਪੰਜਾਬ ’ਚ ਇਨ੍ਹਾਂ ਚੋਣਾਂ ਲਈ 19,181 ਪੋਲਿੰਗ ਬੂਥ ਬਣਾਏ ਗਏ ਹਨ ਅਤੇ 13013 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਚੋਂ 915 ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ। ਇਨ੍ਹਾਂ ਚੋਣਾਂ ’ਚ 1.36 ਕਰੋੜ ਦਿਹਾਤੀ ਵੋਟਰ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕਰ ਸਕਣਗੇ । ਚੋਣ ਅਮਲੇ ਦੇ ਕਰੀਬ 96 ਹਜ਼ਾਰ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਹੋਣਗੇ ਅਤੇ 50 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਹੋਵੇਗੀ।

ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ ਬੈਲਟ ਬਾਕਸ ਜ਼ਰੀਏ ਹੋਣਗੀਆਂ ਅਤੇ ਇਨ੍ਹਾਂ ਚੋਣਾਂ ’ਚ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ ਲਾਗੂ ਰਹੇਗਾ । ਐਤਕੀਂ ਚੋਣਾਂ ’ਚ ਹਰ ਜ਼ਿਲ੍ਹੇ ’ਚ ਇੱਕ ਚੋਣ ਅਬਜ਼ਰਵਰ ਦੀ ਵੀ ਤਾਇਨਾਤੀ ਹੋਵੇਗੀ ਜੋ ਕਿ ਆਈਏਐੱਸ ਜਾਂ ਸੀਨੀਅਰ ਪੀਸੀਐੱਸ ਰੈਂਕ ਦਾ ਅਧਿਕਾਰੀ ਹੋਵੇਗਾ। ਇਸ ਤਰ੍ਹਾਂ ਹਰ ਜ਼ਿਲ੍ਹੇ ’ਚ ਪੁਲਿਸ ਅਬਜ਼ਰਵਰ ਵੀ ਤਾਇਨਾਤ ਰਹੇਗਾ। ਮੁੱਖ ਚੋਣ ਕਮਿਸ਼ਨਰ ਚੌਧਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਵੀਡੀਓ ਗਰਾਫ਼ੀ ਵੀ ਕਰਵਾਈ ਜਾਵੇਗੀ । ਉਮੀਦਵਾਰਾਂ ਲਈ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ 400 ਰੁਪਏ ਅਤੇ ਪੰਚਾਇਤ ਸਮਿਤੀ ਲਈ 200 ਰੁਪਏ ਜ਼ਮਾਨਤ ਰਾਸ਼ੀ ਰੱਖੀ ਗਈ ਹੈ।

ਐੱਸਸੀ ਅਤੇ ਬੀਸੀ ਉਮੀਦਵਾਰਾਂ ਲਈ ਫ਼ੀਸ 50 ਫ਼ੀਸਦੀ ਘੱਟ ਹੋਵੇਗੀ। ਚੋਣ ਖ਼ਰਚੇ ਦੀ ਸੀਮਾ ਵੀ ਉਮੀਦਵਾਰਾਂ ਲਈ ਨਿਸ਼ਚਿਤ ਕੀਤੀ ਗਈ ਹੈ ਜਿਸ ਤਹਿਤ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵੱਧ ਤੋਂ ਵੱਧ 2.55 ਲੱਖ ਰੁਪਏ ਅਤੇ ਪੰਚਾਇਤ ਸਮਿਤੀ ਚੋਣ ਲਈ ਚੋਣ ਖ਼ਰਚੇ ਦੀ ਹੱਦ 1.10 ਲੱਖ ਰੁਪਏ ਹੋਵੇਗੀ। ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸਵੈ ਘੋਸ਼ਣਾ ਪੱਤਰ ਦੇਣਾ ਵੀ ਲਾਜ਼ਮੀ ਹੋਵੇਗਾ ਜਿਸ ’ਚ ਉਮੀਦਵਾਰ ਆਪਣੀ ਸੰਪਤੀ ਅਤੇ ਦਰਜ ਕੇਸਾਂ ਦਾ ਵੇਰਵਾ ਨਸ਼ਰ ਕਰੇਗਾ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦ ਉਮੀਦਵਾਰਾਂ ਨੂੰ ਸਿਆਸੀ ਪਾਰਟੀਆਂ ਵੀ ਸਪਾਂਸਰ ਕਰ ਸਕਣਗੀਆਂ। ਦੱਸ ਦਈਏ ਕਿ ‘ਆਪ’ ਸਰਕਾਰ ਦੌਰਾਨ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀ ਚੋਣ ਪਹਿਲੀ ਵਾਰ ਹੋ ਰਹੀ ਹੈ ਜਦੋਂ ਕਿ ਪੰਚਾਇਤਾਂ ਦੀਆਂ ਚੋਣਾਂ ਵੀ ਕਰੀਬ ਇੱਕ ਸਾਲ ਪਹਿਲਾਂ 15 ਅਕਤੂਬਰ 2024 ਨੂੰ ਕਰਵਾਈਆਂ ਗਈਆਂ ਸਨ।

ਪੰਜਾਬ ’ਚ ਪੰਚਾਇਤੀ ਸੰਸਥਾਵਾਂ ਦੀ ਚੋਣ ਦੇ ਐਲਾਨ ਨਾਲ ਹੀ ਸਿਆਸੀ ਧਿਰਾਂ ਨੇ ਸਰਗਰਮੀ ਵਧਾ ਦਿੱਤੀ ਹੈ ਪੰਜਾਬ ਸਰਕਾਰ ਹੁਣ ਚੋਣ ਜ਼ਾਬਤਾ ਲੱਗਣ ਕਰਕੇ ਕੋਈ ਨਵਾਂ ਵਿਕਾਸ ਪ੍ਰੋਜੈਕਟ ਦਾ ਐਲਾਨ ਨਹੀਂ ਕਰ ਸਕੇਗੀ । ਪੰਚਾਇਤ ਵਿਭਾਗ ਨੇ ਇਨ੍ਹਾਂ ਚੋਣਾਂ ਲਈ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਪਹਿਲਾਂ ਹੀ ਮੁਕੰਮਲ ਕਰ ਲਈ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਜ਼ੋਨ ਬਣਾਉਣ ਅਤੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਹਾਈਕੋਰਟ ’ਚ ਇਹ ਚੋਣਾਂ 5 ਦਸੰਬਰ ਤੱਕ ਕਰਾਏ ਜਾਣ ਬਾਰੇ ਹਲਫ਼ੀਆ ਬਿਆਨ ਦਾਇਰ ਕੀਤਾ ਸੀ ਪਰ ਇਹ ਚੋਣਾਂ ਬਲਾਕਾਂ ਦੇ ਪੁਨਰਗਠਨ ਕਰਕੇ ਅਤੇ ਪੰਜਾਬ ’ਚ ਹੜ੍ਹ ਆਉਣ ਕਰਕੇ ਇਨ੍ਹਾਂ ਚੋਣਾਂ ਨੂੰ ਟਾਲਣਾ ਪਿਆ।