ਪਟਿਆਲਾ-ਸੰਗਰੂਰ ਬਾਈਪਾਸ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਟਿਆਲਾ ਪੁਲਿਸ ਤੇ ਦੋ ਸ਼ਾਰਪ ਸ਼ੂਟਰਾਂ ਦਰਮਿਆਨ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਦੋਨੋਂ ਸ਼ਾਰਪ ਸ਼ੂਟਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਪੁਲਿਸ ਮੁਤਾਬਕ, ਦੋਨੋਂ ਸ਼ਾਰਪ ਸ਼ੂਟਰਾਂ ਕੋਲੋਂ 2 ਪਿਸਤੌਲ ਤੇ ਇੱਕ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਜਦੋਂ ਪਟਿਆਲਾ ਦੀ ਸੀਆਈਏ ਟੀਮ ਨੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਸ਼ਾਰਪ ਸ਼ੂਟਰਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲਗਭਗ 15 ਤੋਂ 16 ਰਾਊਂਡ ਫਾਇਰ ਕੀਤੇ ਗਏ । ਫਾਇਰਿੰਗ ਦੌਰਾਨ ਸੀਆਈਏ ਇੰਚਾਰਜ ਪ੍ਰਦੀਪ ਸਿੰਘ ਬਾਜਵਾ ‘ਤੇ ਵੀ ਗੋਲੀਆਂ ਚਲਾਈਆਂ ਗਈਆਂ, ਪਰ ਉਹ ਸੁਰੱਖਿਅਤ ਰਹੇ।

ਪੁਲਿਸ ਰਿਕਾਰਡ ਮੁਤਾਬਕ, ਦੋਨੋਂ ਸ਼ਾਰਪ ਸ਼ੂਟਰਾਂ ਖ਼ਿਲਾਫ ਪਹਿਲਾਂ ਵੀ ਫਿਰੌਤੀ, ਲੁੱਟ ਅਤੇ ਫਾਇਰਿੰਗ ਦੇ ਕਈ ਮਾਮਲੇ ਦਰਜ ਹਨ। ਇਨ੍ਹਾਂ ਉੱਤੇ ਇੱਕ NRI ਤੋਂ ਫਿਰੌਤੀ ਮੰਗਣ ਦੇ ਦੋਸ਼ ਵੀ ਹਨ। ਇਸ ਤੋਂ ਇਲਾਵਾ NRI ਦੇ ਪਿਤਾ ‘ਤੇ ਪਹਿਲਾਂ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਵੀ ਇਹਨਾਂ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਹੈ। ਜ਼ਖ਼ਮੀ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਮੌਕੇ ‘ਤੇ ਪਹੁੰਚੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਨੋਂ ਸ਼ਾਰਪ ਸ਼ੂਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਪੁਲਿਸ ਨੇ ਵੱਡਾ ਹਾਦਸਾ ਹੋਣ ਤੋਂ ਰੋਕ ਲਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਹੈ।