ਪਟਿਆਲਾ:- ਹਲਕਾ ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਤੋਂ ਲਾਪਤਾ ਹੋਏ ਨੌਜਵਾਨ ਗੁਲਸ਼ਨ ਖਾਨ ਦੀ ਲਾਸ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਸਾਜ਼ਿਸ਼ ਨਾਲ ਕਤਲ ਦੱਸਦੇ ਹੋਏ ਆਰੋਪ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਦਾ ਰਹਿਣ ਵਾਲਾ ਨੌਜਵਾਨ ਗੁਲਸ਼ਨ ਖਾਨ 4 ਦਸੰਬਰ ਨੂੰ ਆਪਣੇ ਪਰਿਵਾਰ ਨੂੰ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਸਮਾਣਾ ਵਿਆਹ ਵਿੱਚ ਜਾ ਰਿਹਾ ਹੈ। ਸਮਾਣਾ ਆ ਕੇ ਉਸ ਨੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ, ਕੁਝ ਸਮਾਂ ਉਥੇ ਰੁਕਣ ਤੋਂ ਬਾਅਦ ਸ਼ਾਮ ਨੂੰ ਹੋਟਲ ਤੋਂ ਨਿਕਲ ਗਿਆ। ਇਸ ਤੋਂ ਬਾਅਦ ਨੌਜਵਾਨ ਨਾਲ ਸੰਪਰਕ ਟੁੱਟ ਗਿਆ, ਕੁਝ ਸਮੇਂ ਬਾਅਦ ਉਸ ਦੇ ਜੁੱਤੇ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੇ, ਜਿਸ ਨਾਲ ਪਰਿਵਾਰ ਨੂੰ ਸ਼ੱਕ ਹੋਇਆ।
ਪਰਿਵਾਰ ਨੇ ਪੁਲਿਸ ਨੂੰ 2 ਮੋਬਾਇਲ ਨੰਬਰ ਵੀ ਦਿੱਤੇ ਹਨ, ਜਿਨ੍ਹਾਂ ਤੋਂ ਮੈਸੇਜ ਅਤੇ ਫੋਨ ਆਏ ਕਿ “ਮੈਨੂੰ ਬਚਾ ਲਓ, ਕੁਝ ਲੋਕ ਮੈਨੂੰ ਮਾਰ ਕੇ ਭਾਖੜਾ ਵਿੱਚ ਸੁੱਟ ਰਹੇ ਹਨ,” ਇਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ। ਹੁਣ ਨੌਜਵਾਨ ਦੀ ਡਡ ਬਾਡੀ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ। ਸਿਟੀ ਪੁਲਿਸ ਸਮਾਣਾ ਵੱਲੋਂ ਪਹਿਲਾਂ ਗੁਲਸ਼ਨ ਖਾਨ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਸੀ। ਹੁਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਬਾਇਲ ਕਾਲ ਡਿਟੇਲ ਰਿਕਾਰਡ (CDR) ਖੰਗਾਲੇ ਜਾ ਰਹੇ ਹਨ। ਮ੍ਰਿਤਕ ਦੀ ਡੈਡ ਬਾਡੀ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਸਮਾਣਾ ਵਿੱਚ ਕਰਵਾਇਆ ਗਿਆ।