ਦਸੰਬਰ ਮਹੀਨੇ ਦਾ ਪਹਿਲਾ ਹਫਤਾ ਤਕਰੀਬਨ ਬੀਤ ਚੁੱਕਾ ਹੈ, ਇਸ ਦੇ ਨਾਲ ਹੀ ਸੀਤ ਲਹਿਰ ਦਾ ਪ੍ਰਕੋਪ ਵੀ ਜ਼ੋਰਾਂ 'ਤੇ ਹੈ। ਸਵੇਰ ਤੇ ਸ਼ਾਮ ਦੇ ਸਮੇਂ ਧੁੰਦ ਜ਼ਿਆਦਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਧੁੰਦ ਵਧਣ ਕਾਰਨ ਕਈ ਜਗ੍ਹਾ ਹਾਦਸੇ ਵੀ ਵਾਪਰੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 5 ਦਿਨਾਂ ’ਚ ਧੁੰਦ ਦੀ ਤੀਬਰਤਾ ਵਿਚ ਹੋਰ ਵੀ ਵਾਧਾ ਹੋਵੇਗਾ ਅਤੇ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਨਜ਼ਰ ਆਵੇਗੀ।
5 ਤੇ 6 ਦਸੰਬਰ ਤੱਕ ਕਈ ਜ਼ਿਲ੍ਹਿਆਂ ’ਚ ਤਾਪਮਾਨ ਵਿਚ ਵੱਡੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਠੰਢ ਦੀ ਲਹਿਰ ਦੌਰਾਨ ਸਾਵਧਾਨੀ ਵਰਤਣ, ਗਰਮ ਕੱਪੜੇ ਪਹਿਨਣ ਅਤੇ ਜ਼ਰੂਰੀ ਕੰਮ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ।
ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਬਿਲਾਸਪੁਰ ਲਈ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਦ੍ਰਿਸ਼ਟੀ 100 ਮੀਟਰ ਸੀ। ਸ਼ਿਮਲਾ ਦੇ ਕੁਫ਼ਰੀ ਵਿੱਚ ਘੱਟੋ-ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਸੀ। ਸੋਲਨ ਵਿੱਚ ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ ਅਤੇ ਹਮੀਰਪੁਰ ਵਿੱਚ 3.7 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਗਿਆਨੀਆਂ ਅਨੁਸਾਰ, ਕੱਲ੍ਹ ਤੋਂ ਮੌਸਮ ਵਿੱਚ ਇੱਕ ਵਾਰ ਫਿਰ ਬਦਲਾਅ ਆਉਣ ਵਾਲਾ ਹੈ। ਉੱਤਰੀ ਪਾਕਿਸਤਾਨ ਅਤੇ ਪੰਜਾਬ ਦੇ ਉੱਪਰ ਬਣਿਆ ਹਵਾ ਦਾ ਚੱਕਰਵਾਤ ਅਜੇ ਵੀ ਸਰਗਰਮ ਹੈ, ਜਦਕਿ ਹਵਾ ਦੀ ਇੱਕ ਟਰੱਫ ਲਾਈਨ ਉੱਪਰ ਵੱਲ ਖਿਸਕ ਗਈ ਹੈ। 5 ਦਸੰਬਰ ਤੋਂ ਇੱਕ ਨਵੀਂ ਅਤੇ ਹਲਕੀ ਪੱਛਮੀ ਗੜਬੜੀ ਸਰਗਰਮ ਹੋਵੇਗੀ। ਇਸਦੇ ਅਸਰ ਨਾਲ ਪਹਾੜਾਂ ‘ਤੇ ਬੱਦਲ ਛਾ ਸਕਦੇ ਹਨ ਅਤੇ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ।