ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਨੂੰ ਰੱਦ ਕਰ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਾਣਬੁੱਝ ਕੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ।
ਅਰਸ਼ਦੀਪ ਕਲੇਰ ਨੇ ਕਿਹਾ ਕਿ ਤਰਨਤਾਰਨ,ਗੁਰਦਾਸਪੁਰ,ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦੀਆਂ ਸਾਰੀਆਂ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ,ਜਦੋਂ ਕਿ ਸਿਰਫ਼ 'ਆਪ' ਉਮੀਦਵਾਰਾਂ ਨੂੰ ਹੀ ਨਾਮਜ਼ਦਗੀ ਲਈ ਯੋਗ ਪਾਇਆ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਹੋ ਸਕਦਾ ਹੈ ਕਿ ਸਿਰਫ਼ 'ਆਪ' ਉਮੀਦਵਾਰਾਂ ਨੇ ਆਪਣੇ ਫਾਰਮ ਸਹੀ ਢੰਗ ਨਾਲ ਭਰੇ ਹੋਣ,ਜਦੋਂ ਕਿ ਦੂਜਿਆਂ ਨੇ ਅਜਿਹਾ ਗਲਤ ਢੰਗ ਨਾਲ ਕੀਤਾ ਹੋਵੇ। ਉਨ੍ਹਾਂ ਕਿਹਾ ਇਹ ਕੇਸ ਚੋਣ ਕਮਿਸ਼ਨ ਤੋਂ ਲੈ ਕੇ ਅਦਾਲਤਾਂ ਤੱਕ ਲੜਨਗੇ । ਨਾਲ ਹੀ ਕਲੇਰ ਕਿਹਾ ਕਿ ਜੇ ਸਰਕਾਰ ਅਜਿਹਾ ਕਰਨਾ ਹੀ ਸੀ ਤਾਂ ਚੋਣਾਂ ਨਾ ਕਰਵਾਉਂਦੇ ਅਤੇ 'ਆਪ' ਉਮੀਦਵਾਰਾਂ ਨੂੰ ਨਾਮਜ਼ਦ ਕਰ ਦਿੰਦੇ।


ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਕਲਾਨੌਰ ਬਲਾਕ ਕਮੇਟੀ ਲਈ ਉਮੀਦਵਾਰਾਂ ਦੀ ਸੂਚੀ ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੀ ਗਈ। ਕਾਂਗਰਸ, ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ। 19 ਜ਼ੋਨਾਂ ਵਿੱਚ ਦਾਇਰ 68 ਨਾਮਜ਼ਦਗੀਆਂ ਵਿੱਚੋਂ 46 ਰੱਦ ਕੀਤੀਆਂ ਗਈਆਂ। ਸਿਰਫ਼ 22 ਉਮੀਦਵਾਰ ਯੋਗ ਪਾਏ ਗਏ, ਜਦੋਂ ਕਿ 46 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ।