ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਰਾਸ਼ਟਰੀ ਰਾਜਧਾਨੀ ’ਚ ਗੰਭੀਰ ਪ੍ਰਦੂਸ਼ਣ ਦੇ ਪੱਧਰਾਂ ਲਈ ਮੁਆਫ਼ੀ ਮੰਗੀ ਹੈ, ਪਰ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਸਮੱਸਿਆ ਭਾਰਤੀ ਜਨਤਾ ਪਾਰਟੀ ਨੂੰ ਵਿਰਾਸਤ ਵਿੱਚ ਦੇਣ ਦਾ ਇਲਜ਼ਾਮ ਵੀ ਲਗਾਇਆ ਹੈ।
ਮਨਜਿੰਦਰ ਸਿਰਸਾ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ 10 ਮਹੀਨਿਆਂ ਦੀ ਸਰਕਾਰ ਲਈ ਏਅਰ ਕੁਆਲਿਟੀ ਇੰਡੈਕਸ (AQI) ਨੂੰ ਹੇਠਾਂ ਲਿਆਉਣਾ “ਅਸੰਭਵ” ਹੈ, ਦਿੱਲੀ ਦੀ ਭਾਜਪਾ ਸਰਕਾਰ ਨੇ ਇਸਨੂੰ ਕਾਬੂ ਵਿੱਚ ਰੱਖਣ ਵਿੱਚ ਬਿਹਤਰ ਕੰਮ ਕੀਤਾ ਹੈ।
ਸਿਰਸਾ ਨੇ ਕਿਹਾ, “ਕਿਸੇ ਵੀ ਚੁਣੀ ਹੋਈ ਸਰਕਾਰ ਲਈ 9-10 ਮਹੀਨਿਆਂ ਵਿੱਚ AQI ਨੂੰ ਘਟਾਉਣਾ ਅਸੰਭਵ ਹੈ। ਮੈਂ ਦਿੱਲੀ ਵਿੱਚ ਪ੍ਰਦੂਸ਼ਣ ਲਈ ਮੁਆਫ਼ੀ ਮੰਗਦਾ ਹਾਂ। ਅਸੀਂ ਬੇਈਮਾਨ ‘ਆਪ’ ਸਰਕਾਰ ਨਾਲੋਂ ਬਿਹਤਰ ਕੰਮ ਕਰ ਰਹੇ ਹਾਂ, ਅਤੇ ਅਸੀਂ ਹਰ ਰੋਜ਼ AQI ਘਟਾ ਦਿੱਤਾ ਹੈ।”
“ਪ੍ਰਦੂਸ਼ਣ ਦੀ ਇਹ ਬਿਮਾਰੀ ਸਾਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਹੈ, ਅਤੇ ਅਸੀਂ ਇਸਨੂੰ ਠੀਕ ਕਰਨ ਲਈ ਕੰਮ ਕਰ ਰਹੇ ਹਾਂ,”
ਮੰਤਰੀ ਨੇ ਇਹ ਵੀ ਕਿਹਾ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ ਲਗਭਗ ਅੱਠ ਮਹੀਨਿਆਂ ਲਈ ਬਿਹਤਰ ਰਹੀ।
ਉਨ੍ਹਾਂ ਨੇ ਮੰਨਿਆ ਕਿ ਪ੍ਰਦੂਸ਼ਣ ਦਾ ਪੱਧਰ ਹਾਲ ਹੀ ਵਿੱਚ ਵਿਗੜਿਆ ਹੈ ਪਰ ਦਾਅਵਾ ਕੀਤਾ ਕਿ ਪਿਛਲੇ 10 ਮਹੀਨਿਆਂ ਵਿੱਚ ਮੌਜੂਦਾ ਸਰਕਾਰ ਦੇ ਨਿਰੰਤਰ ਯਤਨਾਂ ਕਾਰਨ ਸਥਿਤੀ ਅਜੇ ਵੀ ਪਿਛਲੇ ਸਾਲ ਨਾਲੋਂ ਬਿਹਤਰ ਹੈ।
ਪ੍ਰਦੂਸ਼ਣ ਦੇ ਮੁੱਦੇ 'ਤੇ ਮੰਗਲਵਾਰ ਨੂੰ ਦਿੱਲੀ ਸਕੱਤਰੇਤ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ 'ਆਪ' ਆਗੂਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, ‘ਉਨ੍ਹਾਂ(AAP) ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਕੁੱਝ ਨਹੀਂ ਕੀਤਾ ਅਤੇ ਹੁਣ ਖੁਦ ਹੀ ਪੈਦਾ ਕੀਤੀ ਸਥਿਤੀ ਦਾ ਵਿਰੋਧ ਕਰ ਰਹੇ ਹਨ।’