ਨਵਾਂਸ਼ਹਿਰ- ਪੰਜਾਬ ਵਿੱਚ 'ਯੁੱਧ ਨਸਿਆਂ ਵਿਰੁੱਧ' ਮੁਹਿੰਮ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ 60 ਗ੍ਰਾਮ ਹੈਰੋਇਨ ਸਮੇਤ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ S.H.O ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਭਾਲ ਵਿੱਚ ਥਾਣਾ ਸਿਟੀ ਨਵਾਂਸ਼ਹਿਰ ਤੋਂ ਕਰਿਆਮ ਰੋਡ 'ਤੇ ਰੇਲਵੇ ਰੋਡ ਫਾਟਕਾਂ ਤੋਂ ਨਹਿਰ ਦੀ ਪੁਲੀ ਰਾਹੀਂ ਨਈ ਆਬਾਦੀ ਨਵਾਂਸ਼ਹਿਰ ਵੱਲ ਆ ਰਹੀ ਸੀ। ਜਦੋਂ ਉਹ ਇਕ ਸ਼ਰਾਬ ਦੀ ਦੁਕਾਨ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਸੜਕ ਕਿਨਾਰੇ ਖੜ੍ਹਾ ਵੇਖਿਆ। ਪੁਲਸ ਪਾਰਟੀ ਨੂੰ ਵੇਖ ਕੇ ਉਹ ਘਬਰਾ ਗਿਆ ਅਤੇ ਆਪਣੀ ਜੇਬ ਵਿੱਚੋਂ ਕੁਝ ਸੜਕ ਕਿਨਾਰੇ ਝਾੜੀਆਂ ਵਿੱਚ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜਦੋਂ ਸੁੱਟੀ ਹੋਈ ਚੀਜ਼ ਦੀ ਜਾਂਚ ਕੀਤੀ ਗਈ ਤਾਂ 60 ਗ੍ਰਾਮ ਹੈਰੋਇਨ ਬਰਾਮਦ ਹੋਈ।
S.H.O ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗਗਨਦੀਪ ਉਰਫ਼ ਰਵੀ ਪੁੱਤਰ ਦਿਲਬਾਗ ਰਾਮ ਵਾਸੀ ਨਵੀਂ ਆਬਾਦੀ, ਨਵਾਂਸ਼ਹਿਰ ਵਜੋਂ ਹੋਈ ਹੈ। S.H.O ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਇਹ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਕਿ ਹੈਰੋਇਨ ਕਿੱਥੋਂ ਪ੍ਰਾਪਤ ਕੀਤੀ ਗਈ ਸੀ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 20 ਸਾਲਾ ਨੌਜਵਾਨ ਖ਼ਿਲਾਫ਼ ਪਹਿਲਾਂ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੈ।