ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਲੁਧਿਆਣਾ ਦੇ ਜਵੱਦੀ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰਵਾਸੀ ਦੇ ਘਰ ਨੂੰ ਚੋਰ ਨੇ ਨਿਸ਼ਾਨਾ ਬਣਾਇਆ ਤੇ ਚਾਂਦੀ ਦੇ ਗਹਿਣੇ ਸਮੇਤ ਮੰਗਲ ਸੂਤਰ ਅਤੇ ਹੋਰ ਸਮਾਨ ਲੈਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਚੋਰ ਵੱਲੋਂ ਪਹਿਲਾਂ ਤਾਂ ਘਰ ਦੇ ਅੰਦਰ ਦਾਖਲ ਹੋ ਸਮਾਨ ਚੋਰੀ ਕੀਤਾ ਗਿਆ ਤੇ ਬਾਅਦ ਵਿੱਚ ਕੰਧ ਟੱਪ ਕੇ ਇੱਕ ਬੈਗ ਨੂੰ ਲੈ ਕੇ ਜਾਂਦਿਆਂ ਹੋਇਆ ਉਹ ਨਜ਼ਰ ਆ ਰਿਹਾ ਹੈ।
ਪੀੜਿਤ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ। ਜਦੋਂ ਉਨ੍ਹਾਂ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਪੀੜਿਤ ਵਿਅਕਤੀ ਨੇ ਇਸ ਦੌਰਾਨ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਕਾਬੂ ਕਰ ਉਨ੍ਹਾਂ ਦਾ ਸਮਾਨ ਵਾਪਸ ਦਵਾਇਆ ਜਾਵੇ।