ਲੁਧਿਆਣਾ ਦੇ ਬਸੰਤ ਨਗਰ ਦੀ ਗਲੀ ਨੰਬਰ 6 ਵਿੱਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਤਿੰਨ ਮੰਜ਼ਿਲਾ ਕੋਠੀ ਅਤੇ ਨਾਲ ਲੱਗਦੀ ਫੈਕਟਰੀ ਪੂਰੀ ਤਰ੍ਹਾਂ ਸੜ ਗਏ। ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਸਾਮਾਨ ਤੇ ਆਲੇ-ਦੁਆਲੇ ਦੀਆਂ ਕਈ ਹੋਰ ਇਮਾਰਤਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਗ ਦੀਆਂ ਲਪਟਾਂ ਇੰਨੀ ਤੇਜ਼ੀ ਅਤੇ ਭਿਆਨਕ ਤਰੀਕੇ ਨਾਲ ਫੈਲੀਆਂ ਕਿ ਇੱਕ ਫਾਇਰ ਇੰਜਣ ਨੂੰ ਵੀ ਅੱਗ ਲੱਗ ਗਈ ਅਤੇ ਅੱਗ ਬੁਝਾਊ ਦਸਤੇ ਦੀ ਪਹਿਲੀ ਗੱਡੀ ਨੂੰ ਆਪਣਾ ਬਚਾਅ ਕਰਨ ਲਈ ਪਿੱਛੇ ਹਟਣਾ ਪਿਆ।
ਸਥਾਨਕ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਰਾਤ ਕਰੀਬ 11 ਵਜੇ ਕਬਾੜ ਦੇ ਵਪਾਰੀ ਰਾਜਨ ਦੀ ਕੋਠੀ ਦੀ ਸਭ ਤੋਂ ਉੱਪਰਲੀ ਮੰਜ਼ਿਲ ਨੂੰ ਅੱਗ ਲੱਗ ਗਈ ਸੀ। ਹਾਲਾਂਕਿ ਵਸਨੀਕਾਂ ਨੇ ਆਪਣੇ ਸੀਮਤ ਸਾਧਨਾਂ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਹੀ ਮਿੰਟਾਂ ਵਿੱਚ ਅੱਗ ਹੇਠਲੀਆਂ ਮੰਜ਼ਿਲਾਂ ਅਤੇ ਨਾਲ ਲੱਗਦੀ ਹੋਜ਼ਰੀ ਦੇ ਇੱਕ ਹਿੱਸੇ ਤੱਕ ਫੈਲ ਗਈ।
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ਲਈ ਪੰਜ ਘੰਟੇ ਤੋਂ ਵੱਧ ਸਮਾਂ ਲੱਗਾ। ਹਾਲਾਂਕਿ ਪੁਲੀਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ, ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਸ਼ਾਰਟ-ਸਰਕਟ ਇਸ ਘਟਨਾ ਦੇ ਪਿੱਛੇ ਇੱਕ ਕਾਰਨ ਹੋ ਸਕਦਾ ਹੈ।