ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬਿਜਲੀ ਸੋਧ ਬਿਲ 2025 ਤਹਿਤ ਸਮਾਰਟ ਮੀਟਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾ ਵਾਅਦਾ ਕੀਤਾ ਸੀ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਨਹੀਂ ਹੋਵੇਗਾ ਅਤੇ ਸਮਾਰਟ ਮੀਟਰ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਗਾਏ ਜਾਣਗੇ। ਪਰ ਬਿਜਲੀ ਵਿਭਾਗ ਵੱਲੋਂ ਖਪਤਕਾਰਾਂ ਦਾ ਜ਼ਬਰੀ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਜਿਸ ਦਾ ਕਿਸਾਨ ਆਗੂ ਨੇ ਸਖ਼ਤ ਸਬਦਾਂ ਵਿੱਚ ਵਿਰੋਧ ਕੀਤਾ ਹੈ।
ਸਮਾਰਟ ਮੀਟਰਾਂ ਕਾਰਨ ਵੱਡੇ ਬਿੱਲ:- ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਸਰਕਾਰ ਨੇ 30 ਨਵੰਬਰ ਤੱਕ ਬਿਜਲੀ ਸੋਧ ਬਿਲ 2025 ਦਾ ਵਿਰੋਧ ਨਹੀਂ ਕੀਤਾ, ਜੋ ਕਿ ਪੰਜਾਬ ਸਰਕਾਰ ਦੀ ਚੁੱਪੀ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਸਮਾਰਟ ਮੀਟਰਾਂ ਕਾਰਨ 600 ਯੂਨਿਟ ਬਿਜਲੀ ਮੁਫ਼ਤ ਦੇ ਬਾਵਜ਼ੂਦ ਵੀ ਵੱਡੇ-ਵੱਡੇ ਬਿੱਲ ਲੋਕਾਂ ਨੂੰ ਆ ਰਹੇ ਹਨ। ਜਿਸ ਦਾ ਆਮ ਵਰਗ ਉੱਤੇ ਵੱਡਾ ਅਸਰ ਪੈ ਰਿਹਾ ਹੈ।
ਬਿਜਲੀ ਬੋਰਡ ਦਾ ਨਿੱਜੀਕਰਨ ਵੱਲ ਵਾਧਾ:- ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਸਮਾਰਟ ਮੀਟਰ ਕਾਰੋਪਰੇਟ ਕੰਪਨੀਆਂ ਲਈ ਸਭ ਤੋਂ ਵੱਡਾ ਹਥਿਆਰ ਹਨ, ਜੋ ਕਿ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਰਾਹ ਪੱਧਰਾ ਹੋਵੇਗਾ। ਉਹਨਾਂ ਕਿਹਾ ਫਿਲਹਾਲ ਆਮ ਬਿੱਲਾਂ ਦੇ ਬਾਈਕਾਟ ਸਬੰਧੀ ਕੋਈ ਵੀ ਅਪੀਲ ਨਹੀਂ ਕੀਤੀ ਗਈ ਹੈ। ਪਰ ਜੇਕਰ ਸਮਾਰਟ ਮੀਟਰ ਉਤਾਰਨ ਤੋਂ ਬਾਅਦ ਬਿਜਲੀ ਵਿਭਾਗ ਵੱਲੋਂ ਜ਼ਿਆਦਾ ਬਿੱਲ ਜਾਂ ਜੁਰਮਾਨੇ ਭੇਜੇ ਗਏ ਤਾਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।
ਸਰਵਣ ਸਿੰਘ ਪੰਧੇਰ ਦੀ ਅਪੀਲ:- ਸਰਵਣ ਸਿੰਘ ਪੰਧੇਰ ਨੇ ਮੁਲਾਜ਼ਮ, ਵਿਦਿਆਰਥੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਨੇ ਕਿਹਾ ਕਿ 17 ਦਸੰਬਰ ਤੋਂ 18 ਦਸੰਬਰ ਤੱਕ ਡੀਸੀ ਦਫ਼ਤਰਾਂ ਅੱਗੇ ਵੱਡੇ ਮੋਰਚੇ ਲਗਾਉਣ ਦੀ ਗੱਲ ਕਹੀ ਹੈ, ਜਿਹਨਾਂ ਨੂੰ ਨੇੜਲੇ ਬਿਜਲੀ ਬੋਰਡਾਂ ਦੇ ਦਫ਼ਤਰਾਂ ਵਿੱਚ ਜਮ੍ਹਾ ਕਰਵਾਉਣ ਦੀ ਗੱਲ ਵੀ ਆਖੀ ਗਈ ਹੈ।