ਹਰਿਆਣਾ ਦੇ ਸਫੀਦੋ ਦੇ ਪਿੱਲੂਖੇੜਾ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਕੁੜੀ ਨੂੰ ਉਸਦੇ ਘਰੋਂ ਫਿਲਮੀ ਅੰਦਾਜ਼ ਵਿੱਚ ਅਗਵਾ ਕਰ ਲਿਆ ਗਿਆ। ਇਹ ਘਟਨਾ 27 ਦਸੰਬਰ ਨੂੰ ਵਾਪਰੀ, ਜਦੋਂ ਇੱਕ ਦਰਜਨ ਤੋਂ ਵੱਧ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਦੋ ਵਾਹਨਾਂ ਵਿੱਚ ਆਏ ਅਤੇ ਕੁੜੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ।
ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਘਟਨਾ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਕੰਮ ਲਈ ਬਾਜ਼ਾਰ ਗਏ ਹੋਏ ਸਨ ਤੇ ਘਰ ਵਿੱਚ ਸਿਰਫ਼ ਕੁੜੀ ਦੀ ਦਾਦੀ ਮੌਜੂਦ ਸੀ। ਇਸ ਦੌਰਾਨ 15 ਤੋਂ 20 ਨੌਜਵਾਨ ਘਰ ਵਿੱਚ ਦਾਖਲ ਹੋਏ। ਕੁੜੀ ਨੇ ਵਿਰੋਧ ਕਰਦੇ ਹੋਏ ਆਪਣੀ ਦਾਦੀ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮਾਂ ਨੇ ਲੱਕੜ ਦੀ ਸੋਟੀ ਨਾਲ ਦਾਦੀ ਦੇ ਸਿਰ ‘ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ। ਬਾਅਦ ਵਿੱਚ ਕੁੜੀ ਨੂੰ ਚੁੱਕ ਕੇ ਅਗਵਾ ਕਰ ਲਿਆ ਗਿਆ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਬਾਜ਼ਾਰ ਦੇ ਵਿਚਕਾਰ ਅਗਵਾ ਕਰਨ ਵਾਲਿਆਂ ਦਾ ਪਿੱਛਾ ਵੀ ਕੀਤਾ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਪਰਿਵਾਰ ਮੁਤਾਬਕ, ਇਹ ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਇਆ ਹੈ। ਕੁੜੀ ਪਹਿਲਾਂ ਲਵਿਸ਼ ਨਾਮ ਦੇ ਨੌਜਵਾਨ ਨਾਲ ਘਰੋਂ ਭੱਜ ਗਈ ਸੀ ਅਤੇ ਵਿਆਹ ਵੀ ਕੀਤਾ ਸੀ, ਪਰ ਬਾਅਦ ਵਿੱਚ ਉਹ ਪਰਿਵਾਰ ਕੋਲ ਵਾਪਸ ਆ ਗਈ ਸੀ। ਹੁਣ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ Kidnaping ਕੀਤੀ ਹੈ।
ਡੀਐਸਪੀ ਗੌਰਵ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਗਈ ਹੈ। ਕੁੜੀ ਲਗਭਗ 19 ਸਾਲ ਦੀ ਹੈ ਤੇ ਪਹਿਲਾਂ ਵੀ ਮੁੰਡੇ ਨਾਲ ਰਹਿ ਚੁੱਕੀ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।