ਜਲੰਧਰ ‘ਚ ਮਰਹੂਮ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦਾ ਪੁਤਲਾ ਫੂਕਣ ਦੇ ਮਾਮਲੇ ‘ਚ ਹੁਣ ਮੂਸੇਵਾਲਾ ਪਰਿਵਾਰ ਨੇ ਵੱਡਾ ਐਕਸ਼ਨ ਲਿਆ ਹੈ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਵਕੀਲ ਜ਼ਰੀਏ ਕ੍ਰਿਸ਼ਚਨ ਗਲੋਬਲ ਐਕਸ਼ਨ ਕਮੇਟੀ ਨੂੰ 10 ਲੱਖ ਦਾ ਲੀਗਲ ਨੋਟਿਸ ਭੇਜਿਆ ਹੈ। ਨੋਟਿਸ ਜ਼ਰੀਏ ਸਿੱਧੂ ਦੇ ਪਰਿਵਾਰ ਵੱਲੋਂ ਪੁੱਛਿਆ ਗਿਆ ਹੈ ਕਿ ਇਹ ਸਭ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ।
ਲੀਗਲ ਨੋਟਿਸ ‘ਚ ਕਿਹਾ ਗਿਆ ਹੈ ਕਿ ਇਹ ਕਿਸ ਦੇ ਇਸ਼ਾਰੇ ‘ਤੇ ਕੀਤਾ ਗਿਆ ਹੈ । ਉਸ ਦਾ ਨਾਂਅ ਦੱਸਿਆ ਜਾਵੇ । ਇਸ ਦੇ ਨਾਲ ਹੀ 15 ਦਿਨਾਂ ਅੰਦਰ ਲਿਖਿਤ ਮੁਆਫ਼ੀ ਮੰਗਣ। ਇਹ ਮੁਆਫ਼ੀਨਾਮਾ ਅਖ਼ਬਾਰਾਂ ‘ਚ ਪ੍ਰਕਾਸ਼ਿਤ ਕਰਵਾਈ ਜਾਣੀ ਚਾਹੀਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਜਾਵੇ। ਚਰਨ ਕੌਰ ਨੂੰ 10 ਲੱਖ ਰੁਪਏ ਦਿੱਤੇ ਜਾਣੇ ਚਾਹੀਦੇ ਹਨ ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਕਮੇਟੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨਗੇ।

ਦੱਸ ਦਈਏ ਕਿ ਅੰਕੂਰ ਨਰੂਲਾ ਖਿਲਾਫ਼ ਹੋਏ ਪ੍ਰਦਰਸ਼ਨ ਦੇ ਵਿਰੋਧ ‘ਚ ਕ੍ਰਿਸ਼ਚਨ ਭਾਈਚਾਰੇ ਨੇ 10 ਦਸੰਬਰ ਨੂੰ ਜਲੰਧਰ ਡੀਸੀ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਸੀ । ਇਸ ‘ਚ ਤਿੰਨ ਪੁਤਲੇ ਸਾੜਨ ਲਈ ਲਿਆਂਦੇ ਗਏ ਸਨ। ਇਨ੍ਹਾਂ ਵਿਚੋਂ ਇੱਕ ਪੁਤਲਾ ਸਿੱਧੂ ਮੂਸੇਵਾਲਾ ਦੀ ਮਾਂ ਦੀ ਵੀ ਸੀ। ਹਾਲਾਂਕਿ ਪ੍ਰਦਰਸ਼ਨ ‘ਚ ਸਿੱਧੂ ਮੂਸੇਵਾਲਾ ਦੀ ਮਾਂ ਦੇ ਲਿਆਂਦੇ ਗਏ ਪੁਤਲੇ ‘ਤੇ ਕ੍ਰਿਸ਼ਚਨ ਭਾਈਚਾਰੇ ਨੇ ਗਲਤੀ ਮੰਨੀ ਸੀ । ਪ੍ਰੈੱਸ ਕਾਨਫਰੰਸ ‘ਚ ਕਿਹਾ ਗਿਆ ਸੀ ਕਿ ਇਹ ਪੁਤਲਾ ਗਲਤੀ ਨਾਲ ਆ ਗਿਆ ਸੀ। ਉਨ੍ਹਾਂ ਨੇ ਕਿਸੇ ਦੂਸਰੀ ਮਹਿਲਾ ਦਾ ਪੁਤਲਾ ਲਿਆਉਣਾ ਸੀ ਪਰ ਗਲਤੀ ਨਾਲ ਸਿੱਧੂ ਦੀ ਮਾਂ ਦੀ ਤਸਵੀਰ ਲੱਗ ਗਈ ਸੀ। ਉਨ੍ਹਾਂ ਨੇ ਪੁਤਲਾ ਸਾੜਨ ਤੋਂ ਪਹਿਲਾਂ ਉਨ੍ਹਾਂ ਦੀ ਤਸਵੀਰ ਉਤਾਰ ਕੇ ਆਪਣੇ ਕੋਲ ਸੁਰੱਖਿਅਤ ਰੱਖ ਲਈ ਸੀ ।
