ਬੀਤੇ ਦਿਨੀਂ ਜਲੰਧਰ ਵਿੱਚ ਈਸਾਈ ਭਾਈਚਾਰੇ ਨੇ ਭਾਨਾ ਸਿੱਧੂ ਖਿਲਾਫ ਪ੍ਰਦਰਸ਼ਨ ਦੌਰਾਨ ਗਲਤੀ ਨਾਲ ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਸਾੜਨ ਲਈ ਲਿਆਂਦਾ ਸੀ। ਇਸ ਤੋਂ ਬਾਅਦ ਚਰਨ ਕੌਰ ਨੇ ਈਸਾਈ ਭਾਈਚਾਰੇ ਦੇ ਉਕਤ ਲੋਕਾਂ ਨੂੰ ਮੁਆਫ਼ੀ ਮੰਗਣ ਦੇ ਨਾਲ 10 ਲੱਖ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਵੀ ਈਸਾਈ ਭਾਈਚਾਰੇ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ ਅਤੇ ਉਹ ਮੁਆਫ਼ੀ ਮੰਗਦੇ ਹਨ, ਹੁਣ ਈਸਾਈ ਭਾਈਚਾਰੇ ਦੇ ਲੋਕਾਂ ਨੇ ਚਰਨ ਕੌਰ ਅਤੇ ਬਲਕੌਰ ਸਿੰਘ ਦੀ ਹਵੇਲੀ ਜਾ ਕੇ ਮਾਮਲੇ ਸਬੰਧੀ ਮੁਆਫ਼ੀ ਮੰਗੀ ਹੈ।
ਜਾਣਕਾਰੀ ਮੁਤਾਬਕ ਈਸਾਈ ਭਾਈਚਾਰੇ ਦੇ ਮੈਂਬਰ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਈਸਾਈ ਗਲੋਬਲ ਐਕਸ਼ਨ ਕਮੇਟੀ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਮਾਤਾ ਚਰਨ ਕੌਰ ਦੇ ਪੁਤਲੇ ਨੂੰ ਸਾੜਨ ਦੇ ਵਿਵਾਦ ਨੂੰ ਸਪੱਸ਼ਟ ਕੀਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਦੀ ਮਾਂ ਨੇ ਕ੍ਰਿਸ਼ਚੀਅਨ ਗਲੋਬਲ ਐਕਸ਼ਨ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ, ਜਿਸ ਕਾਰਨ ਈਸਾਈ ਭਾਈਚਾਰੇ ਨੇ ਅੱਜ ਵਿਵਾਦ ਖਤਮ ਕਰ ਦਿੱਤਾ ਹੈ। ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਵਿਵਾਦ ਖਤਮ ਕਰਨ ਦੀ ਗੱਲ ਕਹੀ ਹੈ। ਹੁਣ ਤੋਂ ਦੋਵਾਂ ਧਿਰਾਂ ਵੱਲੋਂ ਵਿਵਾਦ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਗਿਆ ਹੈ।