ਬਿਆਸ ਅਤੇ ਸਤਲੁਜ ਦੇ ਸੰਗਮ 'ਤੇ ਸਥਿਤ ਹਰੀਕੇ ਵੈਟਲੈਂਡ ’ਚ ਵੱਡੀ ਗਿਣਤੀ ’ਚ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਹਰੀਕੇ ਵੈਟਲੈਂਡ ਅਤੇ ਪੰਛੀ ਸੈੰਕਚੂਰੀ ਨੂੰ ਹਰੀਕੇ ਪੱਤਣ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਮਨੁੱਖ ਦੁਆਰਾ ਬਣਾਇਆ ਗਿਆ ਨਦੀ ਵਾਲਾ ਵੈਟਲੈਂਡ ਪੰਜਾਬ ਦੇ ਤਿੰਨ ਜ਼ਿਲ੍ਹਿਆਂ, ਤਰਨਤਾਰਨ, ਫਿਰੋਜ਼ਪੁਰ ਅਤੇ ਕਪੂਰਥਲਾ ’ਚ ਫੈਲਿਆ ਹੋਇਆ ਹੈ। ਇਹ ਪੰਛੀ ਸੈੰਕਚੂਰੀ 1990 ’ਚ ਰਾਮਸਰ ਕਨਵੈਨਸ਼ਨ ਦੇ ਤਹਿਤ ਭਾਰਤ ਦੁਆਰਾ ਮਨੋਨੀਤ ਅੰਤਰਰਾਸ਼ਟਰੀ ਮਹੱਤਵ ਵਾਲੇ ਛੇ ਵੈਟਲੈਂਡਾਂ ’ਚੋਂ ਇੱਕ ਹੈ। ਹਰੀਕੇ ਹੈੱਡਵਰਕਸ ਤੋਂ ਦੋ ਵੱਡੀਆਂ ਨਹਿਰਾਂ ਵਗਦੀਆਂ ਹਨ, ਜਿਨ੍ਹਾਂ ’ਚੋਂ ਇੱਕ ਨੂੰ ਰਾਜਸਥਾਨ ਨਹਿਰ ਕਿਹਾ ਜਾਂਦਾ ਹੈ।
ਹਰੀਕੇ ਵੈਟਲੈਂਡਜ਼ ਈਕੋਸਿਸਟਮ, ਇਸਦੇ ਅਮੀਰ ਐਕੁਆ ਬਨਸਪਤੀ ਅਤੇ ਜੀਵ-ਜੰਤੂਆਂ ਦੇ ਨਾਲ, ਪੰਜਾਬ ਲਈ ਇੱਕ ਅਹਿਮ ਸੰਭਾਲ ਖ਼ੇਤਰ ਹੈ। ਸਰਦੀਆਂ ਦੇ ਮਹੀਨਿਆਂ ਦੌਰਾਨ, ਸਾਇਬੇਰੀਆ, ਰੂਸ ਅਤੇ ਹੋਰ ਠੰਡੇ ਯੂਰਪੀਅਨ ਦੇਸ਼ਾਂ ਤੋਂ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਦੇ ਹੋਏ, 368 ਤੋਂ ਵੱਧ ਦਰਜ ਪ੍ਰਜਾਤੀਆਂ ਦੇ ਹਜ਼ਾਰਾਂ ਪੰਛੀ ਹਰ ਸਾਲ ਇੱਥੇ ਆਉਂਦੇ ਹਨ।
ਪੰਛੀਆਂ ਨੂੰ ਸ਼ਾਂਤਮਈ ਵਾਤਾਵਰਣ ਪ੍ਰਦਾਨ ਕਰਨ ਲਈ, 86 ਵਰਗ ਕਿਲੋਮੀਟਰ ਦਾ ਖੇਤਰ ਜਨਤਾ ਲਈ ਬੰਦ ਕੀਤਾ ਗਿਆ ਹੈ, ਜਿੱਥੇ ਸੀਮਤ ਖੇਤਰ ਦੇ ਅੰਦਰ ਜਾਣ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਇਜਾਜ਼ਤ ਲੈਣੀ ਪੈਂਦੀ ਹੈ।