ਸਮਾਣਾ : ਪਤੀ–ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਹਲਕਾ ਸਮਾਣਾ ਤੋਂ ਸਾਹਮਣੇ ਆਇਆ ਹੈ। ਸਮਾਣਾ ਦੇ ਪਿੰਡ ਕੁਲਾਰਾਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦਾ ਦੋਸ਼ ਉਸ ਦੀ ਪਤਨੀ ਉੱਤੇ ਲਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਦਾ ਦਾਅਵਾ ਹੈ ਕਿ ਨੌਜਵਾਨ ਨੂੰ ਗਲਾ ਦਬਾ ਕੇ ਮਾਰਿਆ ਗਿਆ ਹੈ। ਮ੍ਰਿਤਕ ਦੀ ਪਛਾਣ ਆਤਮਾ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਤੇ ਚਾਚਾ ਨੇ ਦੋਸ਼ ਲਗਾਇਆ ਹੈ ਕਿ ਆਤਮਾ ਸਿੰਘ ਦੀ ਪਤਨੀ ਰਾਣੀ ਨੇ ਹੀ ਉਸ ਦੀ ਹੱਤਿਆ ਕੀਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਣੀ ਦੇ ਪਹਿਲਾਂ ਵੀ ਤਿੰਨ ਵਿਆਹ ਹੋ ਚੁੱਕੇ ਹਨ ਅਤੇ ਉਹਨਾਂ ਦੇ ਪਤੀ ਵੀ ਸ਼ੱਕੀ ਹਾਲਾਤਾਂ ਵਿੱਚ ਮੌਤ ਦੇ ਮੁਹਾਂਰੇ ਚੜ੍ਹੇ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਹੰਸਰਾਜ ਸਿੰਘ ਨੇ ਦੱਸਿਆ ਕਿ “ਸਾਡਾ ਬੇਟਾ ਆਤਮਾ ਸਿੰਘ ਕੁਆਰਾ ਸੀ। ਸਾਨੂੰ ਨਹੀਂ ਪਤਾ ਸੀ ਕਿ ਇਹ ਔਰਤ ਪਹਿਲਾਂ ਵੀ ਵਿਆਹ ਕਰਵਾ ਕੇ ਆਪਣੇ ਪਤੀਆਂ ਨੂੰ ਖਤਮ ਕਰ ਚੁੱਕੀ ਹੈ। ਪਹਿਲਾਂ ਵੀ ਇਹ ਸਾਡੇ ਬੇਟੇ ਨਾਲ ਮਾਰਪੀਟ ਕਰਦੀ ਸੀ। ਹੁਣ ਇਸ ਨੇ ਉਸ ਨੂੰ ਗਲਾ ਦਬਾ ਕੇ ਮਾਰ ਦਿੱਤਾ। ਅਸੀਂ ਇਨਸਾਫ ਚਾਹੁੰਦੇ ਹਾਂ।” ਮ੍ਰਿਤਕ ਦੇ ਚਾਚਾ ਤਰਸੇਮ ਸਿੰਘ ਨੇ ਦੱਸਿਆ ਕਿ “ਰਾਤ ਨੂੰ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਹਿਲਾਂ ਹੋਰ ਪਰਿਵਾਰਾਂ ਨੇ ਕਾਰਵਾਈ ਨਹੀਂ ਕੀਤੀ, ਪਰ ਅਸੀਂ ਆਪਣੇ ਬੱਚੇ ਲਈ ਇਨਸਾਫ ਲੈ ਕੇ ਰਹਾਂਗੇ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਸਮਾਣਾ ਵਿੱਚ ਈ-ਰਿਕਸ਼ਾ ਚਲਾਉਂਦੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।