ਪੰਜਾਬ ਭਾਜਪਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ । ਸ੍ਰੀ ਅਨੰਦਪੁਰ ਸਾਹਿਬ ਵਿੱਚ ਕੀਰਤਨ ਦਰਬਾਰ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਭਾਜਪਾ ਦੇ ਵੱਡੇ ਨੇਤਾ ਸ਼ਾਮਲ ਹੋਣਗੇ। ਇਸਤੋਂ ਇਲਾਵਾ ਕੌਮੀ ਪੱਧਰ ਦੇ ਨੇਤਾਵਾਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਤੀ ।
ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸ਼ੇਅਰ ਕਰ ਲਿਖਿਆ ਕਿ ਇਹ ਸਮਾਗਮ ਸਿਰਫ਼ ਧਾਰਮਿਕ ਸ਼ਰਧਾ ਦਾ ਪ੍ਰਤੀਕ ਨਹੀਂ ਹੈ, ਸਗੋਂ ਗੁਰੂ ਜੀ ਦੀ ਕੁਰਬਾਨੀ, ਏਕਤਾ ਅਤੇ ਸੱਚ ਦੇ ਅਮਰ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣ ਦਾ ਮੌਕਾ ਹੈ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ 24 ਨਵੰਬਰ ਨੂੰ ਪੰਜਾਬ ਦੇ ਸਾਰੇ 628 ਮੰਡਲਾਂ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ, ਜਿਸ ਵਿੱਚ ਹਜ਼ਾਰਾਂ ਸ਼ਰਧਾਲ ਅਤੇ ਵਰਕਰ ਹਾਜ਼ਰੀ ਭਰਨਗੇ ।
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਡੇ ਪੱਧਰ ‘ਤੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਵਿੱਚ ਕਈ ਸੂਬਿਆਂ ਦੇ ਮੁੱਖ ਮੰਤਰੀ, ਰਾਸ਼ਟਰਪਤੀ ਸਮੇਤ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ । ਦੂਜੇ ਪਾਸੇ SGPC ਵੱਲੋਂ ਵੀ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਮਾਰੋਹ ਕਰਵਾਏ ਜਾ ਰਹੇ ਹਨ।