ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵੱਲੋਂ ਨੌਵੇਂ ਸਤਿਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਇੱਕ ਬਹੁਤ ਵੱਡੀ ਰੈਲੀ ਜਿਸ ਵਿੱਚ ਖਾਲਸਾ ਹਾਈ ਸਕੂਲ, ਸੱਚਖੰਡ ਪਬਲਿਕ ਸਕੂਲ, ਖਾਲਸਾ ਪ੍ਰਾਇਮਰੀ ਸਕੂਲ, ਹਜ਼ੂਰ ਸਾਹਿਬ ਆਈ. ਟੀ. ਆਈ. ਦੇ ਹਜ਼ਾਰਾਂ ਵਿਦਿਆਰਥੀ ਸ਼ਾਮਿਲ ਹੋਏ, ਜਿਨ੍ਹਾਂ ਦੇ ਹੱਥਾਂ ਵਿੱਚ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਹ ਰੈਲੀ ਖਾਲਸਾ ਸਕੂਲ ਤੋਂ ਸਿੰਧੀ ਕਾਲੋਨੀ, ਬਾਬਾ ਦੀਪ ਸਿੰਘ ਨਗਰ, ਯਾਤਰੀ ਨਿਵਾਸ ਤੋਂ ਹੁੰਦੀ ਹੋਈ ਤਖ਼ਤ ਸੱਚਖੰਡ ਸਾਹਿਬ ਵਿਖੇ ਸਮਾਪਤ ਹੋਈ । ਰੈਲੀ ਵਿੱਚ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐਸ., ਹਰਜੀਤ ਸਿੰਘ ਕੜੇਵਾਲੇ ਸੁਪਰਡੈਂਟ, ਗੁਰਦੁਆਰਾ ਬੋਰਡ ਦਾ ਸਮੂਹ ਸਟਾਫ, ਸਾਰੇ ਅਧਿਕਾਰੀ ਅਤੇ ਅਧਿਆਪਕ ਸ਼ਾਮਿਲ ਹੋਏ । ਦਸਮੇਸ਼ ਹਸਪਤਾਲ ਵਿੱਚ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਏ ਗਏ ਸਰਬ ਧਰਮ ਸੰਮੇਲਨ ਵਿੱਚ ਬਾਬਾ ਬਲਵਿੰਦਰ ਸਿੰਘ ਜੀ ਕਾਰਸੇਵਾ ਵਾਲੇ, ਗਿਆਨੀ ਅਵਤਾਰ ਸਿੰਘ ਸ਼ੀਤਲ, ਸੁਰਜੀਤ ਸਿੰਘ ਗਿੱਲ ਐਕਟਿੰਗ ਪ੍ਰਧਾਨ 350 ਸਾਲਾ ਸ਼ਤਾਬਦੀ ਖੇਤਰੀ ਕਮੇਟੀ, ਡਾਕਟਰ ਰਾਮ ਵਾਘਮਾਰੇ, ਜਨਾਬ ਸ਼ੇਖ ਐਮ ਐਮ, ਡਾਕਟਰ ਅਰੁਣਾ ਸ਼ੁਕਲਾ, ਸ਼ਰਨ ਸਿੰਘ ਸੋਢੀ, ਗੁਰਬਚਨ ਸਿੰਘ ਪ੍ਰਿੰਸੀਪਲ, ਆਈ. ਟੀ. ਆਈ., ਪਾਸਟਰ ਜੋਸੇਫ ਸੈਮੁਅਲ ਰਾਜ ਅਤੇ ਸ੍ਰੀ ਪ੍ਰਕਾਸ਼ ਨਿਹਲਾਨੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ‘ਤੇ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਗੁਰਸਿੱਖਾਂ ਦੀਆਂ ਸ਼ਹਾਦਤਾਂ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੀਆਂ। ਮਾਨਵ ਹੱਕਾਂ ਤੇ ਧਾਰਮਿਕ ਆਜ਼ਾਦੀ ਲਈ ਕੁਰਬਾਨ ਹੋਣ ਦਾ ਜੋ ਰਾਹ ਉਨ੍ਹਾਂ ਨੇ ਸੰਸਾਰ ਨੂੰ ਦਿਖਾਇਆ ਉਹ ਹਮੇਸ਼ਾ ਸਾਡੀ ਰਾਹਨੁਮਾਈ ਕਰਦਾ ਰਹੇਗਾ। ਤਖ਼ਤ ਸੱਚਖੰਡ ਸਾਹਿਬ ਵਿਖੇ ਮਿਤੀ 23 ਤੋਂ 25 ਨਵੰਬਰ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਜਗਤਾਰ ਸਿੰਘ ਜੀ ਸ੍ਰੀ ਅੰਮ੍ਰਿਤਸਰ, ਗਿਆਨੀ ਮਹਿਤਾਬ ਸਿੰਘ ਜੀ ਖਡੂਰ ਸਾਹਿਬ ਵਾਲੇ, ਭਾਈ ਕਰਮਜੀਤ ਸਿੰਘ ਜੀ ਰਤਨ, ਭਾਈ ਪਿਆਰਾ ਸਿੰਘ ਜੀ ਦਿੱਲੀ ਵਾਲੇ, ਗਿਆਨੀ ਬਲਦੇਵ ਸਿੰਘ ਜੀ ਓਗਰਾ, ਬਾਬਾ ਭੁਪਿੰਦਰ ਸਿੰਘ ਜੀ ਜਰਗ ਵਾਲੇ ਆਦਿ ਨੇ ਰੱਬੀ ਬਾਣੀ ਦੇ ਕੀਰਤਨ ਅਤੇ ਵਿਚਾਰਾਂ ਦੀ ਸਾਂਝ ਪਾਈ !