Approval Sought from Governor for Special Pb Assembly Session, ਵਿਸ਼ੇਸ਼ ਇਜਲਾਸ ਲਈ ਰਾਜਪਾਲ ਤੋਂ ਮੰਗੀ ਪ੍ਰਵਾਨਗੀ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 24 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੱਦਣ ਦੀ ਤਿਆਰੀਆਂ ਜ਼ੋਰਾਂ ‘ਤੇ ਹਨ। ਇਸੀ ਦੇ ਚੱਲਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਸੈਸ਼ਨ ਦੀ ਪ੍ਰਵਾਨਗੀ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖਿਆ ਹੈ।
ਰਾਜਪਾਲ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਇਹ ਵਿਸ਼ੇਸ਼ ਇਜਲਾਸ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਆਯੋਜਿਤ ਕੀਤਾ ਜਾਵੇਗਾ। ਸਪੀਕਰ ਨੇ ਕਿਹਾ ਕਿ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਸਾਰੇ ਵਿਧਾਇਕਾਂ ਸਮੇਤ ਸੈਸ਼ਨ ਦੇਖਣ ਆਉਣ ਵਾਲੇ ਸੰਗਤ ਲਈ ਬੈਠਕ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਸੈਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਲਿਦਾਨ ਅਤੇ ਉਪਦੇਸ਼ਾਂ ‘ਤੇ ਕੇਂਦਰਿਤ ਰਹੇਗਾ, ਜਿਸ ਰਾਹੀਂ ਵਿਧਾਨ ਸਭਾ ਪੱਧਰ ‘ਤੇ ਵੀ ਉਨ੍ਹਾਂ ਦੀ ਅਦਭੁੱਤ ਸ਼ਹਾਦਤ ਨੂੰ ਨਮਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵੱਲੋਂ 26 ਨਵੰਬਰ ਨੂੰ ਵਿਦਿਆਰਥੀਆਂ ਦਾ ਮੌਕ ਸੈਸ਼ਨ ਵੀ ਕਰਵਾਇਆ ਜਾ ਰਿਹਾ ਹੈ। ਵਿਧਾਨ ਸਭਾ ਵੱਲੋਂ ਮੌਕ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ 19 ਨਵੰਬਰ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਵਿੱਚ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆ ਤੋਂ ਇੱਕ ਇੱਕ ਵਿਦਿਆਰਥੀ ਦੀ ਚੋਣ ਕੀਤੀ ਗਈ ਹੈ ਜੋ ਆਪਣੇ ਹਲਕੇ ਦੇ ਵਿਧਾਇਕ ਦੀ ਭੂਮਿਕਾ 'ਚ ਹੋਣਗੇ। ਮੌਕ ਸੈਸ਼ਨ ਵਿੱਚ ਸਪੀਕਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਵਿਦਿਆਰਥੀ ਹੋਣਗੇ ਜੋ ਉਨ੍ਹਾਂ ਦੇ ਹਲਕਿਆਂ ਚੋਂ ਹੀ ਚੁਣੇ ਗਏ ਹਨ।