ਗਿੱਦੜਬਾਹਾ: ਜ਼ਮੀਨਾਂ ਦੀ ਰਜਿਸਟਰੀ ਦਾ ਕੰਮ ਪਿਛਲੇ ਤਿੰਨ ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਆਮ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਰਜਿਸਟਰੀ ਕਰਵਾਉਣ ਲਈ ਦੂਰ-ਦੂਰ ਤੋਂ ਆਏ ਲੋਕ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਟੋਕਨ ਮਿਲਣ ਦੇ ਬਾਵਜੂਦ ਵੀ ਪਿਛਲੇ ਤਿੰਨ ਦਿਨਾਂ ਤੋਂ ਰਜਿਸਟਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਸਮਾਂ ਅਤੇ ਪੈਸਾ ਖਰਚ ਕਰਕੇ ਆਉਂਦੇ ਹਨ, ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਡੀ ਆਰਥਿਕ ਅਤੇ ਮਾਨਸਿਕ ਤਕਲੀਫ਼ ਝੱਲਣੀ ਪੈ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਰਜਿਸਟਰੀ ਦਾ ਕੰਮ ਰੁਕਣ ਨਾਲ ਨਾ ਸਿਰਫ਼ ਜਾਇਦਾਦੀ ਲੈਣ-ਦੇਣ ਪ੍ਰਭਾਵਿਤ ਹੋ ਰਹੇ ਹਨ, ਸਗੋਂ ਇਸ ਨਾਲ ਜੁੜੇ ਹੋਰ ਕਈ ਕਾਨੂੰਨੀ ਅਤੇ ਨਿੱਜੀ ਕੰਮ ਵੀ ਅਟਕੇ ਪਏ ਹਨ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਨਾਇਬ ਤਹਿਸੀਲਦਾਰ ਗਿੱਦੜਬਾਹਾ ਛੁੱਟੀ ’ਤੇ ਹਨ, ਜਦਕਿ ਤਹਿਸੀਲਦਾਰ ਦੀ ਬਦਲੀ ਹੋ ਚੁੱਕੀ ਹੈ ਅਤੇ ਅਜੇ ਤੱਕ ਕਿਸੇ ਅਧਿਕਾਰੀ ਨੇ ਚਾਰਜ ਨਹੀਂ ਸੰਭਾਲਿਆ। ਇਸ ਕਾਰਨ ਰਜਿਸਟਰੀ ਦਾ ਸਾਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਧਰ, ਇਸ ਮਾਮਲੇ ਸਬੰਧੀ ਜਦੋਂ ਐੱਸ.ਡੀ.ਐੱਮ. ਜਸਪਾਲ ਸਿੰਘ ਬਰਾੜ ਗਿੱਦੜਬਾਹਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਰਜਿਸਟਰੀ ਦਾ ਕੰਮ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।