ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ । ਡਾਕਟਰਾਂ ਨੇ ਅਮਰ ਸਿੰਘ ਚਾਹਲ ਦੀ ਸਰਜਰੀ ਕਰ ਦਿੱਤੀ ਹੈ । ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਦੇ ਮੁਤਾਬਕ ਚਾਹਲ ਖਤਰੇ ਤੋਂ ਬਾਹਰ ਹਨ ਹਾਲਾਂਕਿ ਪੂਰੀ ਤਰ੍ਹਾਂ ਸਿਹਤਮੰਦ ਹੋਣ ਵਿੱਚ ਹਾਲੇ ਸਮਾਂ ਲੱਗੇਗਾ।
ਦੱਸ ਦਈਏ ਕਿ ਸੋਮਵਾਰ ਨੂੰ ਘਰ ਵਿੱਚ ਸੁਰੱਖਿਆ ਕਰਮਚਾਰੀ ਦੇ ਰਿਵਾਲਵਰ ਨਾਲ ਢਿੱਡ ਵਿੱਚ ਗੋਲੀ ਮਾਰੀ ਸੀ। ਸਾਬਕਾ IPS ਅਧਿਕਾਰੀ ਚਾਹਲ ਨੇ ਗੋਲੀ ਮਾਰਨ ਤੋਂ ਪਹਿਲਾਂ 12 ਪੰਨਿਆਂ ਦਾ ਸੁਸਾਈਡ ਨੋਟ ਲਿਖਿਆ, ਜਿਸ ਵਿੱਚ ਉਨ੍ਹਾਂ 8 ਕਰੋੜ ਰੁਪਏ ਦੀ ਆਨਲਾਈਨ ਠੱਗੀ ਦਾ ਜ਼ਿਕਰ ਕੀਤਾ ਹੈ ਅਤੇ ਪਰਿਵਾਰ ਦੀ ਸੁਰੱਖਿਆ ਅਤੇ ਮਾਮਲੇ ਦੀ SIT ਜਾਂ CBI ਤੋਂ ਜਾਂਚ ਕਰਨ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਘਟਨਾ ਦੇ ਸਮੇਂ ਉਨ੍ਹਾਂ ਦਾ ਪੁੱਤਰ ਘਰ 'ਚ ਮੌਜੂਦ ਸੀ। ਅਮਰ ਸਿੰਘ ਚਾਹਲ IG ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਪਟਿਆਲਾ ਵਿੱਚ ਰਹਿ ਰਹੇ ਸਨ। ਚਾਹਲ ਪਹਿਲਾਂ ਏਅਰਫੋਰਸ ਵਿੱਚ ਅਫਸਰ ਰਹਿ ਚੁੱਕੇ ਹਨ। ਉਹ 1990 ਵਿੱਚ ਏਅਰਫੋਰਸ ਤੋਂ ਰਿਟਾਇਰ ਹੋਣ ਤੋਂ ਬਾਅਦ ਸਿੱਧਾ DSP ਭਰਤੀ ਹੋਏ ਸਨ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ, ਸਾਇਬਰ ਸੈੱਲ ਐਕਟਿਵ
ਚਾਹਲ ਨਾਲ ਹੋਈ ਠੱਗੀ ਮਾਮਲੇ ਵਿੱਚ ਪੁਲਿਸ ਨੇ ਹਾਲੇ FIR ਦਰਜ ਨਹੀਂ ਕੀਤੀ ਹੈ, ਪਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਸਾਇਬਰ ਸੈੱਲ ਸਮੇਤ ਸਟੇਟ ਸਾਇਬਰ ਸੈੱਲ ਦੇ ਅਧਿਕਾਰੀਆਂ ਨੂੰ ਐਕਟਿਵ ਕੀਤਾ ਗਿਆ ਹੈ। ਇਹ ਅਧਿਕਾਰੀ ਬੈਂਕ ਅਕਾਊਂਟਸ, ਟੈਲੀਗ੍ਰਾਮ ਅਤੇ ਵਾਟਸਐਪ ਲਈ ਵਰਤੇ ਗਏ ਨੰਬਰਾਂ ਦੀ ਡੀਟੇਲ ਕੱਢ ਰਹੇ ਹਨ, ਜੋ ਟ੍ਰਾਂਜ਼ੈਕਸ਼ਨ ਲਈ ਵਰਤੇ ਗਏ ਸਨ।