ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ 'ਤੇ ਹਮਲਾ ਕਰਨ ਅਤੇ ਫਿਰੋਤੀ ਮੰਗਣ ਵਾਲੇ ਤਿੰਨ ਮੈਂਬਰੀ ਗੈਂਗ ਦਾ ਪਰਦਾਫਾਸ਼ ਕੀਤਾ
ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ
ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ। ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਪੰਜਾਬ ਦੇ ਨਾਮੀ ਗਾਇਕ ਗੁਲਾਬ ਸਿੱਧੂ ਨੂੰ ਇੱਕ ਮੈਰਿਜ ਫੰਕਸ਼ਨ ਦੌਰਾਨ ਬਰਨਾਲਾ ਦੇ ਇੱਕ ਗੈਂਗ ਵੱਲੋਂ ਹਮਲਾ ਕਰਨ ਅਤੇ ਫਿਰੌਤੀ ਦੀ ਮੰਗ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਗੰਭੀਰ ਮਾਮਲੇ ਦੀ ਸੂਚਨਾ ਮਿਲਦੇ ਹੀ ਬਰਨਾਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੱਡੀ ਘਟਨਾ ਤੋਂ ਪਹਿਲਾਂ ਹੀ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਗੈਂਗ ਦੇ ਮੈਂਬਰ ਗ੍ਰਿਫਤਾਰ
ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਪੁਲਿਸ ਨੂੰ ਖੁਫੀਆ ਸੂਤਰਾਂ ਰਾਹੀਂ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨ ਵੱਲੋਂ ਨਾਮੀ ਗਾਇਕ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਵਿੱਚ ਹਨ। ਇਸ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਟੀਮਾਂ ਤਿਆਰ ਕਰਕੇ ਲਗਾਤਾਰ ਨਿਗਰਾਨੀ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੀਆਂ ਗਤਿਵਿਧੀਆਂ ‘ਤੇ ਨਜ਼ਰ ਰੱਖੀ ਗਈ। ਪੁਲਿਸ ਦੀ ਸੁਚੱਜੀ ਰਣਨੀਤੀ ਕਾਰਨ ਗੈਂਗ ਦੇ ਮੈਂਬਰਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ।
ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਦੇਸੀ ਪਿਸਟਲ 32 ਬੋਰ, ਮੈਗਜ਼ੀਨ, 4 ਜਿੰਦਾ ਕਾਰਤੂਸ 32 ਬੋਰ, ਇੱਕ ਡੰਮੀ ਪਿਸਟਲ, 4 ਮੋਬਾਇਲ ਫੋਨ, ਇੱਕ ਸਵਿਫਟ ਕਾਰ ਸਮੇਤ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐਸਐਸਪੀ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਵੀ ਕਲਾਕਾਰ ਜਾਂ ਆਮ ਨਾਗਰਿਕ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।
SSP ਵੱਲੋਂ ਪੁਲਿਸ ਦੀਮ ਦੀ ਸਰਾਹਨਾ
ਦ ਸਰਫਰਾਜ ਆਲਮ ਨੇ ਬਰਨਾਲਾ ਪੁਲਿਸ ਦੀ ਟੀਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਪੁਲਿਸ ਹਮੇਸ਼ਾਂ ਅਮਨ-ਕਾਨੂੰਨ ਬਣਾਏ ਰੱਖਣ ਅਤੇ ਅਪਰਾਧੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਤਿਆਰ ਹੈ। ਇਹ ਕਾਰਵਾਈ ਬਰਨਾਲਾ ਪੁਲਿਸ ਦੀ ਸੂਝ-ਬੂਝ ਅਤੇ ਤਤਪਰਤਾ ਦਾ ਸਪਸ਼ਟ ਉਦਾਹਰਨ ਹੈ।