ਫਾਜ਼ਿਲਕਾ: ਜ਼ਿਲ੍ਹਾ ਪੁਲਿਸ ਨੇ ਜੌਹਰੀ ਤੋਂ ਗੈਂਗਸਟਰ ਦੇ ਨਾਂਅ 'ਤੇ ਫਿਰੌਤੀ ਮੰਗਣ ਅਤੇ ਧਮਕੀ ਦੇਣ ਦੇ ਮਾਮਲੇ ’ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਮੁਲਜ਼ਮ ਨੇ ਗੈਂਗਸਟਰ ਆਰਜ਼ੂ ਬਿਸ਼ਨੋਈ ਹੋਣ ਦਾ ਦਾਅਵਾ ਕਰਦਿਆਂ ਇੱਕ ਜੌਹਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਜਿਸ ਤੋਂ ਬਾਅਦ, ਪੁਲਿਸ ਨੇ ਉਸ ਦਾ ਮੋਬਾਈਲ ਫੋਨ ਨੂੰ ਟ੍ਰੇਸ ਕੀਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਸਰਕੂਲਰ ਰੋਡ 'ਤੇ ਸ਼ਿਵ ਜਵੈਲਰਜ਼ ਦੇ ਮਾਲਕ ਸ਼ਿਵਮ ਸੋਨੀ ਨੂੰ 23 ਦਸੰਬਰ ਨੂੰ ਇੱਕ ਗੁਮਨਾਮ ਕਾਲ ਆਈ ਸੀ ਜਿਸ ’ਚ ਮੁਲਜ਼ਮ ਨੇ ਖੁਦ ਨੂੰ ਗੈਂਗਸਟਰ ਆਰਜ਼ੂ ਬਿਸ਼ਨੋਈ ਦੱਸਿਆ ਅਤੇ 5 ਦਿਨਾਂ ’ਚ 50 ਲੱਖ ਰੁਪਏ ਨਾ ਦੇਣ ’ਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਕਨੀਕੀ ਸਹਾਇਤਾ ਦੀ ਵਰਤੋਂ ਕਰਦੇ ਹੋਏ, ਪੁਲਿਸ ਟੀਮ ਨੇ ਮੁਲਜ਼ਮ ਦੀ ਕਾਲ ਨੂੰ ਟ੍ਰੇਸ ਕਰ ਲਿਆ ਅਤੇਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ, ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਕਬੂਲ ਕੀਤਾ ਕਿ ਉਸਨੇ ਜਲਦੀ ਅਮੀਰ ਹੋਣ ਅਤੇ ਆਪਣਾ ਕਰਜ਼ਾ ਚੁਕਾਉਣ ਲਈ ਜੌਹਰੀ ਨੂੰ ਡਰਾਉਣ ਲਈ ਇੱਕ ਗੈਂਗਸਟਰ ਦੇ ਨਾਮ ਦੀ ਵਰਤੋਂ ਕੀਤੀ ਸੀ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ SSP ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਨਿਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਚੂੜੀਵਾਲਾ ਧੰਨਾ (ਥਾਣਾ ਖੁਈਖੇੜਾ) ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਉਹ ਪਿੰਡ ’ਚ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਜਦੋਂ ਪੁਲਿਸ ਨੇ ਉਸਨੂੰ ਫੜਨ ਲਈ ਛਾਪਾ ਮਾਰਿਆ, ਤਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕੰਧ ਟੱਪਦੇ ਹੋਏ ਉਸਦੀ ਲੱਤ ਟੁੱਟ ਗਈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਇਸ ਸਮੇਂ ਹਸਪਤਾਲ ’ਚ ਦਾਖਲ ਹੈ।