ਤਰਨਤਾਰਨ ਨੇੜਲੇ ਪਿੰਡ ਭੁੱਲਰ ਵਿੱਚ ਕਰਿਆਨਾ ਵਪਾਰੀ ਦੇ ਕਤਲ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਾਂਟਿਡ ਮੁਲਜ਼ਮ ਸੁਖਬੀਰ ਕੋਟਲਾ ਸੱਖਾ ਦੀ ਪੁਲਿਸ ਨਾਲ ਮੁਠਭੇੜ ਦੌਰਾਨ ਮੌਤ ਹੋ ਗਈ । ਸੋਮਵਾਰ ਨੂੰ ਗੋਇੰਦਵਾਲ ਸਾਹਿਬ ਨੇੜੇ ਪੁਲਿਸ ਟੀਮ ਜਦੋਂ ਉਸਦਾ ਪਿੱਛਾ ਕਰ ਰਹੀ ਸੀ ਤਾਂ ਬਦਮਾਸ਼ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ ਤਾਂ ਗੋਲੀਬਾਰੀ ਵਿੱਚ 2 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ । ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਸੁਖਬੀਰ ਨੂੰ ਗੋਲੀ ਵੱਜੀ । ਉਸ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਂਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਹਥਿਆਰ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।


ਡੀ.ਆਈ.ਜੀ. ਸਨੇਹਦੀਪ ਸ਼ਰਮਾ ਮੁਤਾਬਕ ਸੁਖਬੀਰ ਕੋਟਲਾ ਸੱਖਾ ਤਰਨਤਾਰਨ ਦੇ ਨਾਲ-ਨਾਲ ਗੁਰਦਾਸਪੁਰ ਪੁਲਿਸ ਨੂੰ ਵੀ ਵਾਂਟਿਡ ਸੀ ਅਤੇ ਉਸ ’ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗੰਭੀਰ ਅਪਰਾਧਕ ਮਾਮਲੇ ਦਰਜ ਸਨ।
ਤਰਨਤਾਰਨ ਪੁਲਿਸ ਨੇ ਐਤਵਾਰ ਨੂੰ ਹੀ ਸੁਖਬੀਰ ਸੱਖਾ ਦਾ ਪੋਸਟਰ ਜਾਰੀ ਕਰਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਸੀ । ਇਸ ਤੋਂ ਪਹਿਲਾਂ ਉਸਦੇ ਸਾਥੀ ਜਗਰੂਪ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਸਨ। ਪੁਲਿਸ ਅਧਿਕਾਰੀਆਂ ਮੁਤਾਬਕ 1 ਦਸੰਬਰ ਸੋਮਵਾਰ ਨੂੰ ਸੁਖਬੀਰ ਅਤੇ ਉਸਦੇ ਸਾਥੀ ਨੇ ਪਿੰਡ ਭੁੱਲਰ ਵਿਚ ਕਰਿਆਨਾ ਵਪਾਰੀ ਦਲਜੀਤ ਸਿੰਘ ਦੀ ਦੁਕਾਨ ’ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਵਪਾਰੀ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ ਅਤੇ ਗੁਰਦਾਸਪੁਰ ਪਹੁੰਚ ਕੇ ਉਹਨਾਂ ਨੇ ਇੱਕ ਕਾਰ ਵੀ ਖੋਹ ਲਈ ਸੀ । ਫਿਲਹਾਲ, ਪੁਲਿਸ ਵੱਲੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।