ਦਿੱਲੀ ਦੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਦੇ ਮ੍ਰਿਤਕਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ । ਐੱਲਐੱਨਜੇਪੀ ਹਸਪਤਾਲ ਵਿਚ ਦਾਖ਼ਲ ਜ਼ਖਮੀਆਂ ’ਚੋਂ ਇਕ ਹੋਰ ਨੇ ਦਮ ਤੋੜ ਦਿੱਤਾ ਹੈ । ਪੀੜਤ ਦੀ ਪਛਾਣ ਬਿਲਾਲ ਵਜੋਂ ਦੱਸੀ ਗਈ ਹੈ।
ਦਿੱਲੀ ਪੁਲਿਸ ਮੁਤਾਬਕ ਬਿਲਾਲ ਦੀ ਮੌਤ ਬਾਰੇ ਜਾਣਕਾਰੀ ਅੱਜ ਸਵੇਰੇ ਹਸਪਤਾਲ ਤੋਂ ਮਿਲੀ ਸੀ। ਸੋਮਵਾਰ ਸ਼ਾਮ ਨੂੰ ਹੋਏ ਇਸ ਧਮਾਕੇ ਦੇ ਕਈ ਜ਼ਖ਼ਮੀ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਉਧਰ ਕੇਂਦਰ ਸਰਕਾਰ ਨੇ ਲਾਲ ਕਿਲ੍ਹੇ ਦੇ ਬਾਹਰ ਹੋਏ ਕਾਰ ਧਮਾਕੇ ਨੂੰ ‘ਦਹਿਸ਼ਤੀ ਘਟਨਾ’ ਕਰਾਰ ਦਿੰਦਿਆਂ ਜਾਂਚ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਘਟਨਾ ਦੀ ਜਾਂਚ ਫੌਰਨ ਅਤੇ ਪੇਸ਼ੇਵਰ ਤਰੀਕੇ ਨਾਲ ਕਰਕੇ ਸਾਜ਼ਿਸ਼ ਘੜਨ ਵਾਲਿਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰਨ। ਪੀਐੱਮ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ’ਚ ਅੱਤਵਾਦ ਨੂੰ ਕਿਸੇ ਵੀ ਰੂਪ ’ਚ ਬਰਦਾਸਤ ਨਾ ਕਰਨ ਦੀ ਵਚਨਬੱਧਤਾ ਦੁਹਰਾਈ । ਘਟਨਾ ’ਚ ਬੇਕਸੂਰ ਲੋਕਾਂ ਦੇ ਮਾਰੇ ਜਾਣ ’ਤੇ ਡੂੰਘਾ ਅਫ਼ਸੋਸ ਪ੍ਰਗਟ ਕਰਦਿਆਂ ਮਤਾ ਪੇਸ਼ ਕਰਕੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਮਤੇ ’ਚ ਕਿਹਾ ਗਿਆ ਕਿ ਸਰਕਾਰ ਲਗਾਤਾਰ ਨੇੜਿਉਂ ਨਜ਼ਰ ਰੱਖੀ ਰਹੀ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਵੱਲੋਂ ਪਾਸ ਮਤਾ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਕੈਬਨਿਟ ਨੇ ਦੁਨੀਆ ਦੇ ਕਈ ਮੁਲਕਾਂ ਵੱਲੋਂ ਹਮਲੇ ਮਗਰੋਂ ਦਿੱਤੀ ਹਮਾਇਤ ਅਤੇ ਇਕਜੁੱਟਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਬੁੱਧਵਾਰ ਨੂੰ ਭੂਟਾਨ ਤੋਂ ਪਰਤਦਿਆਂ ਹੀ ਪ੍ਰਧਾਨ ਮੰਤਰੀ ਮੋਦੀ ਸਿੱਧਾ ਐੱਲ.ਐੱਨ.ਜੇ.ਪੀ. ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਲਾਲ ਕਿਲ੍ਹਾ ਧਮਾਕੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦੁਆਇਆ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੀਐੱਮ ਮੋਦੀ ਕਰੀਬ 25 ਮਿੰਟ ਹਸਪਤਾਲ ਰਹੇ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਿੱਲੀ ਧਮਾਕੇ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ।


ਦੱਸ ਦਈਏ ਕਿ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ ਇੱਕ ਦੇ ਬਾਹਰ ਕਾਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਸੀ,ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣੀ ਗਈ। ਆਲੇ-ਦੁਆਲੇ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਸੀ । ਸੁਰੱਖਿਆ ਏਜੰਸੀਆਂ ਤੇ ਫੋਰੈਂਸਿਕ ਟੀਮਾਂ ਧਮਾਕੇ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਕੇ ਡੂੰਘਾਈ ਨਾਲ ਜਾਂਚ ਕਰ ਰਹੀਆਂ ਨੇ।