ਦਿੱਲੀ ਕਾਰ ਬੰਬ ਧਮਾਕੇ ਮਾਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਤੋਂ ਵੱਧ ਕੇ 15 ਹੋ ਗਈ ਹੈ। ਦਿੱਲੀ ਪੁਲਿਸ ਦੇ ਅਨੁਸਾਰ, ਮ੍ਰਿਤਕਾਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਇੱਕ ਪੀੜਤ ਦੀ ਕੱਲ੍ਹ ਸੱਟਾਂ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਪੀੜਤ, ਵਿਨੈ ਪਾਠਕ, ਵੀ ਇਲਾਜ ਦੌਰਾਨ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। LNJP ਹਸਪਤਾਲ ਦੇ ਅਧਿਕਾਰੀਆਂ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਬੰਬ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਲੁਕਮਾਨ (50) ਅਤੇ ਵਿਨੈ ਪਾਠਕ (50) ਵਜੋਂ ਹੋਈ ਹੈ। ਇਸ ਤੋਂ ਪਹਿਲਾਂ, ਪਿਛਲੇ ਵੀਰਵਾਰ, ਇੱਕ ਹੋਰ ਪੀੜਤ, ਬਿਲਾਲ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
NIA ਦਾ ਵੱਡਾ ਖੁਲਾਸਾ
ਲਾਲ ਕਿਲ੍ਹੇ ’ਤੇ ਹੋਏ ਭਿਆਨਕ ਧਮਾਕੇ ਦੀ ਜਾਂਚ ਕਰ ਰਹੀ NIA ਨੂੰ ਇਕ ਨਵੀਂ ਅਤੇ ਦਹਿਲਾਉਣ ਵਾਲੀ ਜਾਣਕਾਰੀ ਮਿਲੀ ਹੈ। NIA ਨੂੰ ਸ਼ੱਕ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਡਾ. ਉਮਰ ਨਬੀ ਬਟ ਦੇ ਬੂਟਾਂ ’ਚ ਬੰਬ ਦਾ ਟ੍ਰਿਗਰ ਸੀ ਅਤੇ ਉਸਨੇ ‘ਸ਼ੂ ਬੰਬਰ’ ਬਣ ਕੇ ਧਮਾਕੇ ਨੂੰ ਅੰਜਾਮ ਦਿੱਤਾ। ਸੂਤਰਾਂ ਦੇ ਅਨੁਸਾਰ ਉਮਰ ਦੀ ਖ਼ਰਾਬ ਹੋਈ ਆਈ-20 ਕਾਰ ਤੋਂ ਬੂਟਾਂ ਦੇ ਕੁਝ ਹਿੱਸੇ ਮਿਲੇ, ਜਿਸ ਵਿਚ ਮੈਟਲ ਦੇ ਟੁਕੜੇ ਸਨ। ਘਟਨਾ ਸਥਾਨ ਤੋਂ ਉਮਰ ਦੀ ਕਾਰ ’ਚ ਡ੍ਰਾਈਵਿੰਗ ਸੀਟ ਦੇ ਹੇਠਾਂ ਦੇ ਸੱਜੇ ਅੱਗੇ ਦੇ ਟਾਇਰ ਤੋਂ ਬੂਟ ਦਾ ਹਿੱਸਾ ਬਰਾਮਦ ਹੋਇਆ ਹੈ। ਉੱਥੇ ਬੰਬ ਬਣਾਉਣ ’ਚ ਵਰਤੇ ਜਾਣ ਵਾਲੇ ਟ੍ਰਾਈਐਸੀਟੋਨ ਟ੍ਰਾਈਪਰਾਕਸਾਈਡ (ਟੀਏਟੀਪੀ) ਦੇ ਟੁਕੜੇ ਵੀ ਮਿਲੇ ਹਨ। ਜਾਂਚ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਧਮਾਕਾ ਦੇਸ਼ ’ਚ ਹੁਣ ਤੱਕ ਹੋਏ ਜਾਨਲੇਵਾ ਹਮਲਿਆਂ ਵਿੱਚੋਂ ਸਭ ਤੋਂ ਵੱਖਰਾ ਹੈ।
ਕਾਰ ’ਚ ਪਿਛਲੀ ਸੀਟ ਦੇ ਹੇਠਾਂ ਵੀ ਧਮਾਕੇ ਦੇ ਸਬੂਤ
ਸੂਤਰਾਂ ਦੇ ਅਨੁਸਾਰ ਜਾਂਚ ’ਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਧਮਾਕੇ ਦੀ ਸਾਜ਼ਿਸ਼ ਲਈ 20 ਲੱਖ ਰੁਪਏ ਗ੍ਰਿਫ਼ਤਾਰ ਔਰਤ ਡਾਕਟਰ ਸ਼ਾਹੀਨ ਨੇ ਇਸ ਮਾਡਿਊਲ ਨੂੰ ਦਿੱਤੇ ਸਨ। ਕਾਰ ’ਚ ਪਿੱਛੇ ਦੀ ਸੀਟ ਦੇ ਹੇਠਾਂ ਦੇ ਹਿੱਸੇ ’ਚ ਵੀ ਧਮਾਕਾਖੇਜ਼ ਹੋਣ ਦੇ ਸਬੂਤ ਮਿਲੇ ਹਨ।