Wednesday, 19th of November 2025

Delhi Air Pollution-ਪ੍ਰਦੂਸ਼ਣ ਦਾ RED-ALERT

Reported by: Gurpreet Singh  |  Edited by: Jitendra Baghel  |  November 19th 2025 11:27 AM  |  Updated: November 19th 2025 11:27 AM
Delhi Air Pollution-ਪ੍ਰਦੂਸ਼ਣ ਦਾ RED-ALERT

Delhi Air Pollution-ਪ੍ਰਦੂਸ਼ਣ ਦਾ RED-ALERT

ਦਿੱਲੀ ਦੀ ਹਵਾ ਫਿਰ ਉਹੀ ਪੁਰਾਣਾ ਰੌਲਾ ਪਾ ਰਹੀ ਹੈ — ਧੂੰਆਂ, ਧੂੜ ਤੇ ਰਸਾਇਣਾਂ ਦਾ ਐਸਾ ਮਿਸ਼ਰਣ ਕਿ ਸਾਹ ਲੈਣਾ ਵੀ ਜੋਖਮ ਬਣ ਗਿਆ। ਦੁਪਹਿਰ ਦਾ ਸਮਾਂ ਹੋਵੇ ਜਾਂ ਅੱਧੀ ਰਾਤ, ਦਿੱਲੀ ਦੇ ਅਸਮਾਨ ’ਚ ਇਹੋ ਜਿਹਾ ਧੁੰਦਲਾ ਪਰਦਾ ਟੰਗਿਆ ਪਿਆ ਹੈ ਕਿ ਲੋਕਾਂ ਦੀ ਸਿਹਤ ਨਾਲ ਖੁੱਲ੍ਹਾ ਖੇਡ ਖੇਡ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ, ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ AQI 300 ਅਤੇ 400 ਦੇ ਵਿਚਕਾਰ ਘੁੰਮ ਰਿਹਾ ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ। ਮਾਹਿਰਾਂ ਦੇ ਮੁਤਾਬਿਕ, ਹਵਾ ਦੀ ਕਵਾਲਿਟੀ ਹੁਣ ਉਹਨਾਂ ਹੱਦਾਂ ਨੂੰ ਪਾਰ ਕਰ ਚੁੱਕੀ ਹੈ ਜਿਥੇ ਨਿਕਲਦਾ ਹਰ ਸਾਹ ਕਿਸੇ ਜ਼ਹਿਰ ਦੀ ਖੁਰਾਕ ਵਰਗਾ ਹੋ ਗਿਆ ਹੈ। ਟ੍ਰੈਫਿਕ ਦਾ ਅਣਥੱਕ ਸ਼ੋਰ, ਉਦਯੋਗਾਂ ਦਾ ਧੂੰਆਂ— ਇਹ ਸਾਰੇ ਮਿਲ ਕੇ ਦਿੱਲੀ ਨੂੰ ਇੱਕ ਖੁੱਲ੍ਹੇ ਕੈਮੀਕਲ ਚੈਂਬਰ ਵਿੱਚ ਤਬਦੀਲ ਕਰ ਚੁੱਕੇ ਹਨ।

ਡਾਕਟਰੀ ਚਿਤਾਵਨੀ ਸਪੱਸ਼ਟ ਹੈ — ਬੱਚੇ, ਬਜ਼ੁਰਗ, ਦਿਲ ਤੇ ਫੇਫੜਿਆਂ ਦੇ ਮਰੀਜ਼ ਖ਼ਾਸ ਤੌਰ ’ਤੇ ਵੱਡੇ ਖ਼ਤਰੇ ਵਿੱਚ ਹਨ। ਸਾਹ ਲੈਣ ਵਿੱਚ ਮੁਸ਼ਕਲ, ਅੱਖਾਂ ’ਚ ਸੜਨ, ਸਿਰਦਰਦ ਅਤੇ ਦਿਲ ਦੀ ਧੜਕਣ ਤੱਕ ਪ੍ਰਭਾਵਿਤ — ਇਹ ਸਭ ਕੁਝ ਦਿੱਲੀ ਦੇ ਹਰ ਘਰ ਦੀ ਨਵੀਂ ਹਕੀਕਤ ਬਣਦੀ ਜਾ ਰਹੀ ਹੈ।

ਮਾਹਿਰਾਂ ਅਤੇ ਡਾਕਟਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਜ਼ਹਿਰੀਲੀ ਹਵਾ 'ਚ ਪਲ ਰਹੀ 'Gen Alpha' (2010 ਤੋਂ ਪੈਦਾ ਹੋਏ) ਪੀੜ੍ਹੀ ਗੰਭੀਰ ਸਿਹਤ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ, ਜਿਸ ਵਿੱਚ ਘੱਟ ਉਮਰ 'ਚ ਮੌਤ, ਘੱਟ ਬੁੱਧੀਮਤਾ (Low ।Q), ਵੱਧ ਬਿਮਾਰੀਆਂ ਤੇ ਸਕੂਲ 'ਚ ਮਾੜਾ ਪ੍ਰਦਰਸ਼ਨ ਸ਼ਾਮਲ ਹੈ।

ਪ੍ਰਦੂਸ਼ਣ ਦਾ ਬੱਚਿਆਂ 'ਤੇ ਅਸਰ

1. ਘੱਟ ਉਮਰ 'ਚ ਮੌਤ : ਵਿਗਿਆਨਕ ਸਬੂਤ ਦੱਸਦੇ ਹਨ ਕਿ PM 2.5 ਦੇ ਸੰਪਰਕ 'ਚ ਰਹਿਣ ਨਾਲ ਬੱਚਿਆਂ 'ਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ ਵੱਧ ਜਾਂਦਾ ਹੈ, ਖਾਸ ਕਰ ਕੇ ਨਿਮੋਨੀਆ ਤੇ ਹੇਠਲੇ ਸਾਹ ਪ੍ਰਣਾਲੀ ਦੇ ਇਨਫੈਕਸ਼ਨਾਂ (lower respiratory infections) ਕਾਰਨ| ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (CSE) ਨੇ 2019 'ਚ ਚਿਤਾਵਨੀ ਦਿੱਤੀ ਸੀ ਕਿ ਇਕੱਲੇ ਭਾਰਤ 'ਚ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਬੱਚੇ ਹਵਾ ਪ੍ਰਦੂਸ਼ਣ ਕਾਰਨ ਮਰ ਰਹੇ ਹਨ।

2. ਘੱਟ ਬੁੱਧੀਮਤਾ : ਗੰਦੀ ਹਵਾ ਦਿਮਾਗ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੀ ਹੈ। PM 2.5 ਅਤੇ NO2 ਦਾ ਲੰਬੇ ਸਮੇਂ ਤੱਕ ਸੰਪਰਕ ਦਿਮਾਗ 'ਚ ਢਾਂਚਾਗਤ ਤਬਦੀਲੀਆਂ ਤੇ ਬਚਪਨ 'ਚ ਹੀ ।Q ਸਕੋਰ ਅਤੇ ਯਾਦਦਾਸ਼ਤ ਦੇ ਕਾਰਜਾਂ ਨੂੰ ਘਟਾ ਸਕਦਾ ਹੈ। ਯੂਨੀਸੇਫ (UNICEF) ਨੇ 2017 'ਚ ਚਿਤਾਵਨੀ ਦਿੱਤੀ ਸੀ ਕਿ 1.7 ਕਰੋੜ ਬੱਚੇ ਅਜਿਹੇ ਖੇਤਰਾਂ 'ਚ ਰਹਿੰਦੇ ਹਨ ਜਿੱਥੇ ਹਵਾ ਪ੍ਰਦੂਸ਼ਣ ਵਿਸ਼ਵਵਿਆਪੀ ਸੀਮਾ ਤੋਂ ਛੇ ਗੁਣਾ ਜ਼ਿਆਦਾ ਹੈ, ਜਿਸ ਨਾਲ ਉਨ੍ਹਾਂ ਦੇ ਦਿਮਾਗ ਦੇ ਵਿਕਾਸ 'ਤੇ ਖਤਰਾ ਹੈ।

Dਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਬਾਜ਼ਾਰ ਵਿੱਚ ਏਅਰ ਪਿਊਰੀਫਾਇਰ ਦੀ ਮੰਗ ਵਧ ਗਈ ਹੈ। ਲੋਕ ਹੁਣ ਆਪਣੇ ਘਰਾਂ, ਦਫਤਰਾਂ ਅਤੇ ਦੁਕਾਨਾਂ ਵਿੱਚ ਹਵਾ ਨੂੰ ਸਾਫ਼ ਕਰਨ ਲਈ ਏਅਰ ਪਿਊਰੀਫਾਇਰ ਲਗਾ ਰਹੇ ਹਨ। ਲੋਕ ਤੇਜ਼ੀ ਨਾਲ ਏਅਰ ਪਿਊਰੀਫਾਇਰ ਖਰੀਦ ਰਹੇ ਹਨ। ਵਿਕਰੀ ਤੇਜ਼ੀ ਨਾਲ ਵਧੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਰੋਜ਼ਾਨਾ ਚਾਰ ਜਾਂ ਪੰਜ ਪਿਊਰੀਫਾਇਰ ਵੇਚਦੇ ਸਨ, ਹੁਣ ਔਸਤਨ 25 ਏਅਰ ਪਿਊਰੀਫਾਇਰ ਰੋਜ਼ਾਨਾ ਵੇਚੇ ਜਾ ਰਹੇ ਹਨ।