Trending:
Update : ਦਿੱਲੀ ਦੇ ਲਾਲ ਕਿਲ੍ਹੇ ਕੋਲ ਹੋਏ ਧਮਾਕੇ ਦੇ ਮਾਮਲੇ ‘ਚ ਗ੍ਰਿਫ਼ਤਾਰ ਆਮਿਰ ਰਾਸ਼ਿਦ ਅਲੀ ਨੂੰ 10 ਦਿਨਾਂ ਦੇ ਲਈ NIA ਰਿਮਾਂਡ ‘ਤੇ ਭੇਜਿਆ ਗਿਆ। ਆਮਿਰ ਨੂੰ ਸਖ਼ਤ ਸੁਰੱਖਿਆ ਵਿਚਾਲੇ ਪਟਿਆਲਾ ਹਾਊਸ ਅਦਾਲਤ ‘ਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਮੁਲਜ਼ਮ ਆਮਿਰ ਰਾਸ਼ਿਦ ਅਲੀ ਸ਼ਾਂਤ ਬੈਠਾ ਰਿਹਾ, ਉਸਦੇ ਨਾਲ ਕਾਨੂੰਨੀ ਟੀਮ ਵੀ ਮੌਜੂਦ ਰਹੀ। ਆਮਿਰ ਨੂੰ NIA ਨੇ ਫੌਰੈਂਸਿਕ ਸਬੂਤਾਂ ਦੇ ਆਧਾਰ ‘ਤੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। NIA ਮੁਤਾਬਿਕ ਮੁਲਜ਼ਮ ਜੰਮੂ-ਕਸ਼ਮੀਰ ਦੇ ਪੰਪੌਰ ਦਾ ਵਾਸੀ ਹੈ। ਉਸਦੇ ਨਾਂਅ ‘ਤੇ ਹੀ i-20 ਕਾਰ ਰਜਿਸਟਰਡ ਸੀ, ਜਿਸ ਵਿੱਚ ਧਮਾਕਾਖੇਜ਼ ਭਰਿਆ ਗਿਆ ਸੀ।
ਦਿੱਲੀ ਦੇ ਲਾਲ ਕਿਲ੍ਹੇ ਬਾਹਰ ਹੋਏ ਧਮਾਕੇ ਮਾਮਲੇ ‘ਚ NIA ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਲੁਧਿਆਣਾ ਦੇ ਡਾਕਟਰ ਨਾਲ ਇਸ ਧਮਾਕੇ ਦੇ ਤਾਰ ਜੁੜੇ ਹਨ। NIA ਅਲ-ਫਲਾਹ ਯੂਨੀਵਰਸਿਟੀ ਦੇ ਉਨ੍ਹਾਂ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਖੰਗਾਲ ਰਹੀ ਹੈ ਜਿਹੜੇ ਵਿਦਿਆਰਥੀਆਂ ਦੇ ਇਥੇ ਪੜ੍ਹਾਉਣ ਵਾਲੇ ਮੁਲਜ਼ਮ ਤੇ ਸ਼ੱਕੀ ਪ੍ਰੋਫੈਸਰਾਂ ਦੇ ਲਿੰਕ ਸਾਹਮਣੇ ਆ ਰਿਹਾ ਹੈ। ਬੰਬ ਧਮਾਕੇ ਦਾ ਲੁਧਿਆਣਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ। 13 ਨਵੰਬਰ ਨੂੰ ਲੁਧਿਆਣਾ ਦੇ ਬਾਲ ਸਿੰਘ ਨਗਰ ਵਿਚ ਵੀ NIA ਨੇ ਰੇਡ ਕੀਤੀ ਸੀ।

NIA ਨੇ ਅਲ-ਫਲਾਹ ਯੂਨੀਵਰਸਿਟੀ ਤੋਂ MBBS ਕਰਨ ਵਾਲੇ ਡਾਕਟਰ ਜਾਨ ਨਿਸਾਰ ਆਲਮ ਦੀ ਕਲੀਨਿਕ ‘ਤੇ ਦਬਿਸ਼ ਦਿੱਤੀ। ਡਾਕਟਰ ਇਥੇ ਮੌਜੂਦ ਨਹੀਂ ਸਨ ਪਰ ਕੁਝ ਦੂਰੀ ‘ਤੇ ਡਾਕਟਰ ਦਾ ਘਰ ਹੈ। ਉਨ੍ਹਾਂ ਦੇ ਪਿਤਾ ਤੋਂ ਟੀਮ ਨੇ ਪੁੱਛਗਿਛ ਕੀਤੀ ਤਾਂ ਟੀਮ ਨੂੰ ਪਤਾ ਲੱਗਾ ਕਿ ਡਾਕਟਰ ਜਾਨ ਨਿਸਾਰ ਰਿਸ਼ਤੇਦਾਰੀ ਵਿਚ ਕੁਝ ਦਿਨ ਪਹਿਲਾਂ ਹੀ ਪਿੰਡ ਡਾਲਖੋਲਾ ਬੰਗਾਲ ਗਏ ਹੋਏ ਹਨ। NIA ਦੀ ਟੀਮ ਨੇ ਬੰਗਾਲ ਵਿਚ ਛਾਪਾ ਮਾਰ ਕੇ ਡਾਕਟਰ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਸੀ। ਪੂਰਾ ਦਿਨ ਉਸ ਤੋਂ ਪੁੱਛਗਿਛ ਕਰਕੇ ਸ਼ਾਮ ਨੂੰ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਡਾਕਟਰ ਦਾ ਲੈਪਟਾਪ ਤੇ ਮੋਬਾਈਲ ਟੀਮ ਦੇ ਕਬਜ਼ੇ ਵਿਚ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ, ਡਾ. ਆਲਮ ਨੂੰ ਪੁੱਛਗਿੱਛ ਲਈ ਦਿੱਲੀ ਸਥਿਤ NIA ਦਫ਼ਤਰ ਬੁਲਾਇਆ ਗਿਆ ਹੈ।
ਡਾ. ਜਾਨ ਨਿਸਾਰ ਆਲਮ ਦੇ ਪਿਤਾ ਤੋਹਿਦ ਆਲਮ ਨੇ ਦੱਸਿਆ ਕਿ ਅਧਿਕਾਰੀਆਂ ਦੀ ਟੀਮ ਉਨ੍ਹਾਂ ਦੇ ਘਰ ਗਈ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਸੀ। ਉਸਨੇ ਕਿਹਾ ਕਿ ਉਸਦੇ ਪੁੱਤਰ ਨੇ 2020 ਵਿੱਚ ਐਮਬੀਬੀਐਸ ਵਿੱਚ ਦਾਖਿਲਾ ਲਿਆ ਅਤੇ 2025 ਵਿੱਚ ਆਪਣੀ ਇੰਟਰਨਸ਼ਿਪ ਪੂਰੀ ਕੀਤੀ। ਉਹ ਹੁਣ ਲੁਧਿਆਣਾ ਵਿੱਚ ਆਪਣਾ ਕਲੀਨਿਕ ਚਲਾਉਂਦਾ ਹੈ।