ਤਰਨ ਤਾਰਨ ਉਪ ਚੋਣ ਸਮੇਂ ਚਰਚਿਤ ਚਿਹਰਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਅੱਜ ਤੜਕਸਾਰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ’ਤੇ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਅਰਸ਼ਦੀਪ ਕਲੇਰ ਨੇ ਸਿਆਸੀ ਧੱਕੇਸ਼ਾਹੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਮਾਣਯੋਗ ਸੁਪਰੀਮ ਮਾਣਯੋਗ ਸੁਪਰੀਮ ਕੋਰਟ ਨੇ ਕੰਚਨਪ੍ਰੀਤ ਨੂੰ ਪੁਲੀਸ ਕਸਟਡੀ ਤੋਂ ਮੈਜੀਸਟ੍ਰੇਟ ਦੀ ਕਸਟਡੀ ਵਿੱਚ ਸ਼ਿਫਟ ਕਰਨ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਸਵੇਰੇ ਕਰੀਬ 4 ਵਜੇ ਮਿਲੀ ਰਿਹਾਈ ਤੋਂ ਬਾਅਦ ਬਾਹਰ ਆਉਂਦਿਆਂ ਕੰਚਨਪ੍ਰੀਤ ਕੌਰ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਕੰਚਨਪ੍ਰੀਤ ਕੌਰ ਨੂੰ ਝਬਾਲ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਨੇ ਬਤੌਰ ਅਕਾਲੀ ਉਮੀਦਵਾਰ ਤਰਨ ਤਾਰਨ ਦੀ ਉਪ ਚੋਣ ਲੜੀ ਸੀ ਜਿਸ ’ਚ ਉਹ ਚੋਣ ਹਾਰ ਗਏ ਸਨ। ਵੇਰਵਿਆਂ ਅਨੁਸਾਰ ਕੰਚਨਪ੍ਰੀਤ ਕੌਰ ਅਦਾਲਤੀ ਹੁਕਮਾਂ ’ਤੇ ਸ਼ਨਿੱਚਰਵਾਰ ਨੂੰ ਥਾਣਾ ਮਜੀਠਾ ’ਚ ਦਰਜ ਇੱਕ ਮਾਮਲੇ ਨੂੰ ਲੈ ਕੇ ਪੁਲੀਸ ਤਫ਼ਤੀਸ਼ ’ਚ ਸ਼ਾਮਲ ਹੋਈ ਸੀ।