ਪੰਜਾਬ ’ਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ, ਉੱਥੇ ਦੂਜੇ ਪਾਸੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਕੱਲ੍ਹ ਮੋਹਾਲੀ ’ਚ ਇੱਕ ਕਬੱਡੀ ਮੈਚ ਦੌਰਾਨ ਕੰਵਰ ਦਿਗਵਿਜੇ ਸਿੰਘ ਦੇ ਕਤਲ ਤੋਂ ਬਾਅਦ, ਅੱਜ ਬਟਾਲਾ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਦੁਕਾਨ 'ਤੇ ਗੋਲੀਬਾਰੀ ਹੋਈ ਹੈ।

ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਕਿਤੇ ਨਾ ਕਿਤੇ ਲੋਕ ਪੁਲਿਸ ਪ੍ਰਸ਼ਾਸਨ 'ਤੇ ਵੀ ਸਵਾਲ ਚੁੱਕ ਰਹੇ ਹਨ। ਸੂਬਾ ਸਰਕਾਰ ਨੂੰ ਘੇਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਕਿ, ‘ਇਹ ਹੁਣ ਸੁਰਖੀ ਨਹੀਂ ਰਹੀ, ਇਹ ਪੰਜਾਬ ਵਿੱਚ ਰੋਜ਼ਾਨਾ ਖ਼ਬਰਾਂ ਬਣ ਗਈਆਂ ਹਨ। ਕੱਲ੍ਹ ਮੋਹਾਲੀ। ਅੱਜ ਬਟਾਲਾ। ਗੋਲੀਬਾਰੀ, ਫਿਰੌਤੀ, ਸੜਕਾਂ 'ਤੇ ਡਰ - ਜਦੋਂ ਕਿ ਸਰਕਾਰ ਕਾਰਵਾਈ ਦੀ ਬਜਾਏ ਬਿਆਨ ਦੇ ਰਹੀ ਹੈ। ਕਾਨੂੰਨ ਵਿਵਸਥਾ ਚੁੱਪ-ਚਾਪ ਨਹੀਂ ਢਹਿ ਰਹੀ। ਇਹ ਰੋਜ਼ਾਨਾ ਢਹਿ ਰਹੀ ਹੈ। ਪੰਜਾਬ ਨੂੰ ਬਹਾਨਿਆਂ ਜਾਂ ਇਸ਼ਤਿਹਾਰਾਂ ਦੀ ਲੋੜ ਨਹੀਂ ਹੈ। ਪੰਜਾਬ ਨੂੰ ਹੁਣ ਸਖ਼ਤ ਕਾਰਵਾਈ ਦੀ ਲੋੜ ਹੈ।’
ਸਾਂਸਦ ਸੁਖਜਿੰਦਰ ਰੰਧਾਵਾਂ ਨੇ ਵੀ X ਪੋਸਟ ’ਚ ਸੂਬਾ ਸਰਕਾਰ ’ਤੇ ਨਿਸ਼ਾਨੇ ਸਾਧੇ ਨੇ, ਰੰਧਾਵਾ ਨੇ ਲਿਖਿਆ, ‘ਬਟਾਲਾ ਵਿੱਚ ਪੈਦਲ ਆਏ ਸ਼ੂਟਰ ਦੁਕਾਨ ’ਤੇ ਫਾਇਰਿੰਗ ਕਰਕੇ ਫਰਾਰ ਹੋ ਗਏ…ਰੰਗਲੇ ਪੰਜਾਬ ਨੂੰ ਲਾਲ ਪੰਜਾਬ ਬਣਾਉਣ ਵੱਲ ਧੱਕ ਰਹੀ ਸਰਕਾਰ ਲਈ ਇਹ ਇੱਕ ਹੋਰ ‘ਉਪਲਬਧੀ’ ਹੈ। ਇਹ ਤਾਂ ਪੱਕਾ ਹੋ ਗਿਆ ਹੈ ਕਿ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿੱਚ ਸੁੱਤੇ ਹਨ, ਪੰਜਾਬ ਦਾ ਤਾਂ ਰੱਬ ਹੀ ਰਾਖਾ’
