ਸੰਸਦ ਵਿੱਚ ਲਗਾਤਾਰ ਦੂਜੇ ਦਿਨ ਹੰਗਾਮੇ ਵਿਚਾਲੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ (SIR) ’ਤੇ ਚਰਚਾ ਕਰਨ ਲਈ ਸਹਿਮਤੀ ਬਣ ਗਈ ਹੈ । ਲੋਕ ਸਭਾ ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਨੇਤਾ ਕੇ.ਸੁਰੇਸ਼ ਨੇ ਕਿਹਾ ਕਿ 9 ਦਸੰਬਰ ਨੂੰ ਚੋਣ ਸੁਧਾਰਾਂ ’ਤੇ 10 ਘੰਟੇ ਦੀ ਬਹਿਸ ਹੋਵੇਗੀ । ਉਨ੍ਹਾਂ ਇਹ ਵੀ ਕਿਹਾ ਕਿ ਵੰਦੇ ਮਾਤਰਮ ’ਤੇ ਚਰਚਾ ਇੱਕ ਦਿਨ ਪਹਿਲਾਂ 8 ਦਸੰਬਰ ਨੂੰ ਹੋਵੇਗੀ। ਇਸ ਲਈ 10 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਬਹਿਸ ਦੀ ਸ਼ੁਰੂਆਤ ਕਰਨਗੇ। ਸਰਕਾਰ ਆਪਣੀ 150ਵੀਂ ਵਰ੍ਹੇਗੰਢ ਮਨਾਉਣ ਲਈ ਸਦਨ ਵਿੱਚ ਵੰਦੇ ਮਾਤਰਮ ’ਤੇ ਚਰਚਾ ਕਰ ਰਹੀ ਹੈ।
ਇਸਤੋਂ ਪਹਿਲਾਂ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸੰਸਦ ਵਿੱਚ ਐਸਆਈਆਰ ਦਾ ਵਿਰੋਧ ਜਾਰੀ ਰੱਖਿਆ। ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਸਾਰੇ ਵਿਰੋਧੀ ਸਾਂਸਦਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਨੇ ਪ੍ਰਸ਼ਨਕਾਲ ਜਾਰੀ ਰੱਖਿਆ ਪਰ ਵਿਰੋਧੀ ਧਿਰ 20 ਮਿੰਟਾਂ ਲਈ ਵੋਟ ਚੋਰ-ਗੱਦੀ ਛੋੜ ਦਾ ਨਾਅਰਾ ਲਗਾਉਂਦੀ ਰਹੀ । ਪਹਿਲਾਂ ਕਾਰਵਾਈ ਦੁਪਹਿਰ 12 ਵਜੇ ਅਤੇ ਫਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਰਾਜ ਸਭਾ ਵਿੱਚ ਵਿਰੋਧੀ ਧਿਰ ਦਾ ਵਿਰੋਧ ਅਤੇ ਨਾਅਰੇਬਾਜ਼ੀ ਜਾਰੀ ਰਹੀ। ਲਗਾਤਾਰ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ 3 ਦਸੰਬਰ ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਉਧਰ ਰਾਜ ਸਭਾ ਵਿੱਚ ਵੀ ਵਿਰੋਧੀ ਧਿਰਾਂ ਨੇ ਐੱਸਆਈਆਰ ਦੇ ਮੁੱਦੇ ’ਤੇ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਸਦਨ ਦੀ ਕਾਰਵਾਈ ਇਕ ਘੰਟੇ ਦੇ ਕਰੀਬ ਚੱਲਣ ਮਗਰੋਂ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਲਗਾਤਾਰ ਵਿਰੋਧ ਜਾਰੀ ਰਿਹਾ ਅਤੇ ਨਾਅਰੇਬਾਜ਼ੀ ਦੇ ਦਰਮਿਆਨ ਵਿਰੋਧੀ ਧਿਰ ਨੇ ਵਾਕਆਊਟ ਕਰ ਦਿੱਤਾ ਅਤੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।

ਇਸਤੋਂ ਪਹਿਲਾਂ ਵਿਰੋਧੀ ਧਿਰ ਨੇ ਲਗਾਤਾਰ ਦੂਜੇ ਦਿਨ ਸਵੇਰੇ 10:30 ਵਜੇ ਸੰਸਦ ਕੰਪਲੈਕਸ ਵਿੱਚ ਮਕਰ ਦੁਆਰ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਐਸਆਈਆਰ ’ਤੇ ਚਰਚਾ ਕਰੇ।