ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸੀਆਈਏ ਸਟਾਫ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ ਸੀਆਈਏ ਸਟਾਫ ਦੀ ਟੀਮ ਨੇ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਤੋਂ ਤਿੰਨ ਪਿਸਤੌਲ ਅਤੇ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਮੁਲਜ਼ਮਾਂ ਦੀ ਹੋਈ ਪਛਾਣ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ ਜਯੰਤ ਪੁਰੀ ਅਤੇ ਏਸੀਪੀ ਅਮਰਬੀਰ ਸਿੰਘ ਦੀ ਨਿਗਰਾਨੀ ਹੇਠ, ਸੀਆਈਏ ਸਟਾਫ, ਜਲੰਧਰ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਸੀ। ਸੀਆਈਏ ਟੀਮ ਨੇ ਦੋ ਮੁਲਜ਼ਮਾਂ ਨੂੰ ਨਾਖਾ ਵਾਲੇ ਬਾਗ, ਜਲੰਧਰ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਰੋਹਨ ਕਲਿਆਣ ਅਤੇ ਰੋਸ਼ਨ ਸਰਕੀ ਉਰਫ਼ ਨੇਪਾਲੀ ਵਾਸੀ ਬੂਟਾ ਮੰਡੀ ਜਲੰਧਰ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਹਥਿਆਰ ਬਰਾਮਦ
ਤਲਾਸ਼ੀ ਦੌਰਾਨ ਪੁਲਿਸ ਨੇ ਰੋਸ਼ਨ ਸਰਕੀ ਤੋਂ ਦੋ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ, ਜਦੋਂ ਕਿ ਰੋਹਨ ਕਲਿਆਣ ਤੋਂ ਇੱਕ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਜਲੰਧਰ ਦੇ ਭਾਰਗਵ ਕੈਂਪ ਪੁਲਿਸ ਸਟੇਸ਼ਨ ਵਿੱਚ ਅਸਲਾ ਐਕਟ ਦੀ ਧਾਰਾ 25, 54 ਅਤੇ 59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੋਵਾਂ ਮੁਲਜ਼ਮਾਂ ਪੁੱਛਗਿੱਛ ਜਾਰੀ
ਪੁਲਿਸ ਅਨੁਸਾਰ ਦੋਸ਼ੀ ਰੋਹਨ ਕਲਿਆਣ ਵਿਰੁੱਧ ਪਹਿਲਾਂ ਜਲੰਧਰ ਦੇ ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਸਨੂੰ ਭਗੌੜਾ ਐਲਾਨਿਆ ਗਿਆ ਸੀ। ਦੋਵਾਂ ਮੁਲਜ਼ਮਾਂ ਪੁੱਛਗਿੱਛ ਕੀਤੀ ਜਾ ਰਹੀ ਹੈ।