Sunday, 11th of January 2026

ਦਿੱਲੀ ਦੇ ਚਾਂਦਨੀ ਚੌਂਕ ਦਾ ਬਦਲੇਗਾ ਨਾਮ ? ਚਾਂਦਨੀ ਚੌਂਕ ਦੀ ਥਾਂ “ਸੀਸ ਗੰਜ” ਨਾਂਅ ਰੱਖਣ ਦੀ ਮੰਗ

Reported by: Gurpreet Singh  |  Edited by: Jitendra Baghel  |  November 06th 2025 11:54 AM  |  Updated: November 06th 2025 12:14 PM
ਦਿੱਲੀ ਦੇ ਚਾਂਦਨੀ ਚੌਂਕ ਦਾ ਬਦਲੇਗਾ ਨਾਮ ? ਚਾਂਦਨੀ ਚੌਂਕ ਦੀ ਥਾਂ “ਸੀਸ ਗੰਜ” ਨਾਂਅ ਰੱਖਣ ਦੀ ਮੰਗ

ਦਿੱਲੀ ਦੇ ਚਾਂਦਨੀ ਚੌਂਕ ਦਾ ਬਦਲੇਗਾ ਨਾਮ ? ਚਾਂਦਨੀ ਚੌਂਕ ਦੀ ਥਾਂ “ਸੀਸ ਗੰਜ” ਨਾਂਅ ਰੱਖਣ ਦੀ ਮੰਗ

ਦੇਸ਼ ਦੀ ਰਾਜਧਾਨੀ ਦਿੱਲੀ ਦਾ ਨਾਂਅ ਬਦਲਣ ਦੀ ਮੰਗ ਤੋਂ ਬਾਅਦ ਹੁਣ ਦਿੱਲੀ ਸਥਿਤ ਚਾਂਦਨੀ ਚੌਂਕ ਦਾ ਨਾਂਅ ਬਦਲਣ ਦੀ ਮੰਗ ਨੇ ਸੁਰਖੀਆਂ ਵਿੱਚ ਹੈ। ਚਾਂਦਨੀ ਚੌਂਕ ਦਾ ਨਾਂਅ “ਸੀਸ ਗੰਜ” ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਬੀਜੇਪੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਵੱਲੋਂ ਆਪਣੀ ਮੰਗ ਸਬੰਧੀ ਇੱਕ ਪੱਤਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਿਖਿਆ ਗਿਆ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਚਾਂਦਨੀ ਚੌਕ ਇਲਾਕੇ ਦਾ ਨਾਂ ਬਦਲ ਕੇ ‘ਸੀਸ ਗੰਜ’ ਕਰਨ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਚਾਂਦਨੀ ਚੌਂਕ ਨੇੜਲੇ ਮੈਟਰੋ ਸਟੇਸ਼ਨਾਂ ਨੂੰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਮ ਸਮਰਪਿਤ ਕਰਨ ਦੀ ਅਪੀਲ ਵੀ ਕੀਤੀ ਗਈ ਹੈ।  

ਪੱਤਰ ‘ਚ ਕੀ ਕੀਤੀ ਗਈ ਮੰਗ ?

ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਪੱਤਰ ਵਿਚ ਕਿਹਾ ਕਿ “ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ 24 ਨਵੰਬਰ 2025 ਨੂੰ ਆ ਰਹੀ ਹੈ। ਮੁਗਲਾਂ ਦੇ ਅੱਤਿਆਚਾਰ ਤੋਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਚ ਬਲਿਦਾਨ ਦਿੱਤਾ। ਉਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸਨ। ਇਨ੍ਹਾਂ ਤਿੰਨਾਂ ਨੇ ਗੁਰੂ ਸਾਹਿਬ ਨਾਲ ਧਰਮ ਤੇ ਸੱਚ ਦੀ ਰੱਖਿਆ ਲਈ ਅਮਰ ਬਲਿਦਾਨ ਦਿੱਤਾ।” ਉਨ੍ਹਾਂ ਕਿਹਾ ਕਿ ਇਹ ਭਾਰਤ ਦੀਆਂ ਸਹਿਣਸ਼ੀਲਤਾ, ਬਹਾਦਰੀ ਅਤੇ ਵਿਸ਼ਵਾਸ ਦੀ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਨੂੰ ਇਤਿਹਾਸਕ ਸ਼ਰਧਾਂਜਲੀ ਹੋਵੇਗੀ।

BJP

BJP

ਬਲੀਏਵਾਲ ਮੁਤਾਬਿਕ ਇਸ ਕਦਮ ਨਾਲ ਦੇਸ਼ ਦੀਆਂ ਅਗਲੀਆਂ ਪੀੜੀਆਂ “ਹਿੰਦ ਦੀ ਚਾਦਰ” ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਬਾਰੇ ਜਾਣੂ ਹੋ ਸਕਣਗੀਆਂ। ਉਨ੍ਹਾਂ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ “ਸਰਬੱਤ ਦਾ ਭਲਾ” ਦੇ ਸਿਧਾਂਤ ਤੇ ਚੱਲਦੇ ਹੋਏ ਆਪਣੇ ਸੀਸ ਦਾ ਬਲੀਦਾਨ ਦਿੱਤਾ। ਦਿੱਲੀ ਵਿੱਚ ਭਾਈ ਮਤੀ ਦਾਸ ਨੂੰ ਆਰਿਆਂ ਨਾਲ ਚੀਰਿਆ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ’ਚ ਲਪੇਟ ਕੇ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਈ ਦਿਆਲਾ ਜੀ ਨੂੰ ਉੱਬਲਦੇ ਪਾਣੀ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਸ ਸਥਾਨ ’ਤੇ ਧੜ ਤੋਂ ਅਲੱਗ ਕਰ ਦਿੱਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਸਥਿਤ ਹੈ। ਇਹ ਸਥਾਨ ਅੱਜ ਵੀ ਤਿਆਗ, ਧਰਮ ਤੇ ਅਜ਼ਾਦੀ ਦੀ ਰੱਖਿਆ ਦਾ ਜਿਉਂਦੀ ਜਾਗਦੀ ਉਦਾਹਰਨ ਹੈ।