ਚੰਡੀਗੜ੍ਹ:- ਰੇਲਵੇ ਸਟੇਸ਼ਨ ’ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਯਾਤਰੀ ਟ੍ਰੇਨ ਬਿਨਾਂ ਕਿਸੇ ਪੂਰਵ ਐਲਾਨ ਜਾਂ ਸੰਕੇਤ ਦੇ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰਵਾਨਾ ਹੋ ਗਈ। ਅਚਾਨਕ ਟ੍ਰੇਨ ਦੇ ਚੱਲ ਪੈਣ ਕਾਰਨ ਪਲੇਟਫਾਰਮ ’ਤੇ ਸਵਾਰ ਹੋ ਰਹੇ ਕਈ ਯਾਤਰੀ ਆਪਣਾ ਸੰਤੁਲਨ ਗੁਆ ਬੈਠੇ ਅਤੇ ਹੇਠਾਂ ਡਿੱਗ ਪਏ। ਇਸ ਘਟਨਾ ਦੌਰਾਨ ਔਰਤਾਂ, ਬਜ਼ੁਰਗਾਂ ਅਤੇ ਹੋਰ ਯਾਤਰੀਆਂ ਨੂੰ ਗੰਭੀਰ ਚੋਟਾਂ ਆਈਆਂ, ਜਿਸ ਕਾਰਨ ਸਟੇਸ਼ਨ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਟ੍ਰੇਨ ਦੇ ਦਰਵਾਜ਼ਿਆਂ ’ਤੇ ਅਜੇ ਵੀ ਕਈ ਯਾਤਰੀ ਸਵਾਰ ਹੋ ਰਹੇ ਸਨ ਕਿ ਅਚਾਨਕ ਟ੍ਰੇਨ ਚੱਲ ਪਈ। ਨਾ ਤਾਂ ਕੋਈ ਘੋਸ਼ਣਾ ਕੀਤੀ ਗਈ ਸੀ ਅਤੇ ਨਾ ਹੀ ਵਿਸਲ ਜਾਂ ਹਰੀ ਝੰਡੀ ਦਿੱਤੀ ਗਈ। ਇਸ ਕਾਰਨ ਕੁਝ ਯਾਤਰੀ ਟ੍ਰੇਨ ਦੇ ਦਰਵਾਜ਼ਿਆਂ ਕੋਲੋਂ ਡਿੱਗ ਗਏ, ਜਦਕਿ ਕੁਝ ਪਲੇਟਫਾਰਮ ’ਤੇ ਹੀ ਜ਼ਮੀਨ ’ਤੇ ਆ ਪਏ। ਘਟਨਾ ਦੇ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਸਖ਼ਤ ਕਾਰਵਾਈ ਦੀ ਮੰਗ :- ਇਸ ਘਟਨਾ ਤੋਂ ਬਾਅਦ ਯਾਤਰੀਆਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਗੁੱਸੇ ਵਿੱਚ ਆਏ ਯਾਤਰੀਆਂ ਨੇ ਰੇਲਵੇ ਪ੍ਰਸ਼ਾਸਨ ਅਤੇ ਟ੍ਰੇਨ ਸਟਾਫ਼ ਖ਼ਿਲਾਫ਼ ਨਾਰਾਜ਼ਗੀ ਜਤਾਈ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਯਾਤਰੀਆਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਐਲਾਨ ਕੀਤਾ ਜਾਂਦਾ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ, ਤਾਂ ਇਹ ਹਾਦਸਾ ਟਲ ਸਕਦਾ ਸੀ।
ਸੁਰੱਖਿਆ ਨੂੰ ਲੈ ਖੜ੍ਹੇ ਸਵਾਲ :- ਇਸ ਘਟਨਾ ਨੇ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਕੜੇ ਸੁਰੱਖਿਆ ਕਦਮ ਲਾਗੂ ਕੀਤੇ ਜਾਣ।
https://www.instagram.com/reel/DTFMs8QEuqQ/?igsh=bGd2bXJmdGJqa2Ez
ਲੋਕੋ ਪਾਇਲਟ ਵਿਰੁੱਧ ਮਾਮਲਾ ਦਰਜ, ਜਾਂਚ ਜਾਰੀ :- ਚੰਡੀਗੜ੍ਹ ਜੀਆਰਪੀ ਦੇ ਡੀਐਸਪੀ ਰਾਜੇਸ਼ ਨੇ ਦੱਸਿਆ ਕਿ ਯਾਤਰੀ ਸੁਰੇਂਦਰ ਭਾਰਦਵਾਜ ਦੀ ਸ਼ਿਕਾਇਤ ਦੇ ਆਧਾਰ 'ਤੇ ਲੋਕੋ ਪਾਇਲਟ ਵਿਰੁੱਧ ਧਾਰਾ 109, 125, 198, 199, 281, 3(5) ਬੀਐਨਐਸ, ਅਤੇ ਰੇਲਵੇ ਐਕਟ ਦੀ ਧਾਰਾ 154 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟ੍ਰੇਨ ਵਿੱਚ ਸਵਾਰ ਯਾਤਰੀਆਂ ਤੋਂ ਵੀ ਜਲਦੀ ਹੀ ਪੁੱਛਗਿੱਛ ਕੀਤੀ ਜਾਵੇਗੀ।