ਮਲੇਰਕੋਟਲਾ ਦੇ ਨੇੜਲੇ ਪਿੰਡ ਭੂਦਨ 'ਚ 31 ਸਾਲਾ ਵਿਧਵਾ ਨੇ ਆਪਣੀ ਬਜ਼ੁਰਗ ਮਾਂ ਅਤੇ 9 ਸਾਲਾਂ ਦੇ ਪੁੱਤਰ ਸਮੇਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਇੰਦਰਪਾਲ ਕੌਰ, ਪੁੱਤਰ ਜੌਰਡਨ ਸਿੰਘ ਅਤੇ ਮਾਂ ਹਰਦੀਪ ਕੌਰ ਵਜੋਂ ਹੋਈ ਹੈ। ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੀ ਮਾਂ ਉਸ ਕੋਲ ਹੀ ਰਹਿ ਰਹੀ ਸੀ।
ਇੰਦਰਪਾਲ ਕੌਰ ਅਤੇ ਹਰਦੀਪ ਕੌਰ ਦੀ ਮੌਤ ਰਾਤ ਨੂੰ ਹੀ ਹੋ ਗਈ ਸੀ, ਜੌਰਡਨ ਨੇ ਸਵੇਰੇ ਦਮ ਤੋੜਿਆ। ਜਾਣਕਾਰੀ ਮੁਤਾਬਕ ਸਵੇਰੇ ਜਦੋਂ ਜੌਰਡਨ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਮਾਂ ਅਤੇ ਨਾਨੀ ਨੂੰ ਮ੍ਰਿਤਕ ਦੇਖਿਆ ਤਾਂ ਉਸ ਨੇ ਆਪਣੀ ਦਾਦੀ ਨੂੰ ਇਸ ਬਾਰੇ ਦੱਸਿਆ ਤੇ ਰੌਲਾ ਪੈ ਗਿਆ। ਚਸ਼ਮਦੀਦਾਂ ਮੁਤਾਬਕ ਮਾਂ ਅਤੇ ਨਾਨੀ ਵਿਚਾਲੇ ਸੁੱਤੇ ਬੱਚੇ ‘ਤੇ ਵੀ ਜ਼ਹਿਰ ਦਾ ਅਸਰ ਹੋਇਆ ਲੱਗਦਾ ਸੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ।
ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਖੁਦਕੁਸ਼ੀ ਤੋਂ ਪਹਿਲਾਂ ਇੰਦਰਪਾਲ ਨੇ ਵੀਡੀਓ ਰਿਕਾਰਡ ਕੀਤੀ ਸੀ, ਜਿਸ ਵਿੱਚ ਉਸ ਨੇ ਗੁਆਂਢੀ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ 10 ਜਣਿਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਪੁਲਿਸ ਨੇ ਇਨ੍ਹਾਂ 10 ਜਣਿਆਂ ਖ਼ਿਲਾਫ਼ BNS ਦੀ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਹੈ । ਵੀਡੀਓ ਵਿੱਚ ਇੰਦਰਪਾਲ ਨੇ ਇਲਾਕੇ ਦੇ ਕੁਝ ਵਿਅਕਤੀਆਂ ਨਾਲ ਲੱਖਾਂ ਰੁਪਏ ਦੇ ਲੈਣ-ਦੇਣ ਦਾ ਹਿਸਾਬ ਵੀ ਸਾਂਝਾ ਕੀਤਾ। ਪੁਲਿਸ ਨੇ ਤਿੰਨੇ ਮ੍ਰਿਤਕ ਦੇਹਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਅਸਲ ਤੱਥ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਣਗੇ।