Trending:
ਬਰਨਾਲਾ ਸ਼ਹਿਰ ਦੇ ਯੂਨੀਵਰਸਿਟੀ ਕਾਲਜ ਨੇੜੇ ਸੰਧੂ ਪੱਤੀ ਵਿੱਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀਆਂ ਚੱਲਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਏਮਜ਼ ਬਠਿੰਡਾ ਰੈਫਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਨੌਜਵਾਨ ਇੱਕ ਘਰ ਦਾ ਗੇਟ ਤੋੜ ਕੇ ਅੰਦਰ ਦਾਖਲ ਹੋਏ ਅਤੇ ਕਮਰੇ ਵਿੱਚ ਸੁੱਤੇ ਪਏ 22 ਸਾਲਾ ਆਕਾਸ਼ਦੀਪ ਸਿੰਘ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਆਕਾਸ਼ਦੀਪ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ।

ਜ਼ਖਮੀ ਨੂੰ ਹਸਪਤਾਲ ਲਿਜਾਣ ਲਈ ਜਦ ਉਸਦਾ ਚਾਚਾ ਮੱਖਣ ਸਿੰਘ ਨਿਕਲਿਆ ਤਾਂ ਹਮਲਾਵਰਾਂ ਨੇ ਉਸਨੂੰ ਵੀ ਘੇਰ ਕੇ ਗੋਲੀਆਂ ਚਲਾਈਆਂ, ਜਿਸ ਨਾਲ ਮੱਖਣ ਸਿੰਘ ਦੇ ਹੱਥ ਵਿੱਚ ਦੋ ਗੋਲੀਆਂ ਲੱਗੀਆਂ। ਇਸ ਤੋਂ ਇਲਾਵਾ ਨੇੜੇ ਹੀ ਵਾਪਰੀ ਦੂਜੀ ਘਟਨਾ ਵਿੱਚ ਅਰਵਿੰਦ ਕੁਮਾਰ ਨਾਂ ਦਾ ਇੱਕ ਹੋਰ ਨੌਜਵਾਨ ਵੀ ਗੋਲੀਆਂ ਦੀ ਲਪੇਟ ਵਿੱਚ ਆ ਗਿਆ, ਜਿਸਨੂੰ ਪਿੱਠ ‘ਤੇ ਗੋਲੀ ਲੱਗੀ ਹੈ।
ਘਟਨਾ ਦੌਰਾਨ 4 ਤੋਂ 6 ਰਾਊਂਡ ਫਾਇਰ ਹੋਣ ਦੀ ਪੁਸ਼ਟੀ ਹੋਈ ਹੈ। ਮੌਕੇ ਤੋਂ ਕਮਰੇ ਦੇ ਬੈੱਡ ਉੱਪਰੋਂ ਖਾਲੀ ਖੋਲ, ਗਲੀ ਵਿੱਚੋਂ ਜਿੰਦਾ ਕਾਰਤੂਸ ਅਤੇ ਖੂਨ ਦੇ ਨਿਸ਼ਾਨ ਮਿਲੇ ਹਨ, ਜੋ ਵੱਡੀ ਵਾਰਦਾਤ ਵੱਲ ਇਸ਼ਾਰਾ ਕਰਦੇ ਹਨ।
ਸਰਕਾਰੀ ਹਸਪਤਾਲ ਵਿੱਚ ਰੋਂਦੀ ਕੁਰਲਾਉਂਦੀ ਆਕਾਸ਼ਦੀਪ ਦੀ ਮਾਤਾ ਸਰਬਜੀਤ ਕੌਰ, ਜੋ ਕਿ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਵਜੋਂ ਤਾਇਨਾਤ ਹੈ, ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲਦੀਆਂ ਰਹੀਆਂ ਸਨ। ਇਸ ਸਬੰਧੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਅੱਜ ਇਹ ਘਟਨਾ ਵਾਪਰੀ। ਉਨ੍ਹਾਂ ਹਮਲਾਵਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਅਨੁਸਾਰ ਜ਼ਖਮੀ ਆਕਾਸ਼ਦੀਪ ਸਿੰਘ ਅਤੇ ਅਰਵਿੰਦ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਤੋਂ ਏਮਜ਼ ਬਠਿੰਡਾ ਰੈਫਰ ਕੀਤਾ ਗਿਆ ਹੈ, ਜਦਕਿ ਮੱਖਣ ਸਿੰਘ ਦਾ ਇਲਾਜ ਬਰਨਾਲਾ ਵਿੱਚ ਜਾਰੀ ਹੈ।
ਇਸ ਮਾਮਲੇ ਬਾਰੇ ਐਸਐਚਓ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਦੂਜੀ ਧਿਰ ਵੱਲੋਂ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।