Trending:
ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੋੜ ਅਧੀਨ ਆਉਂਦੇ ਪਿੰਡ ਪੱਖੋ ਕਲਾਂ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦੀ ਲਾਸ਼ ਸੜਕ ਕਿਨਾਰੇ ਦਰੱਖਤ ਨਾਲ ਲਟਕਦੀ ਹੋਈ ਮਿਲੀ। ਮ੍ਰਿਤਕ ਦੀ ਪਹਿਚਾਣ ਪਿੰਡ ਪੱਖੋ ਕਲਾਂ ਦੀ ਬਾਸੋ ਪੱਤੀ ਦੇ ਰਹਿਣ ਵਾਲੇ 35 ਸਾਲਾ ਗੁਰਲਾਲ ਸਿੰਘ ਪੁੱਤਰ ਤੇਜਾ ਸਿੰਘ ਵਜੋਂ ਹੋਈ ਹੈ, ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਅਤੇ ਮਾਪਿਆਂ ਦਾ ਗੁਜ਼ਾਰਾ ਕਰਦਾ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਗੁਰਲਾਲ ਸਿੰਘ ਆਪਣੀ ਪਤਨੀ ਸੰਦੀਪ ਕੌਰ ਦੇ ਨਾਜਾਇਜ਼ ਸੰਬੰਧਾਂ ਕਾਰਨ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ। ਪਰਿਵਾਰ ਮੁਤਾਬਕ, ਗੁਰਲਾਲ ਸਿੰਘ ਅਤੇ ਸੰਦੀਪ ਕੌਰ ਦਾ ਇਹ ਦੂਜਾ ਵਿਆਹ ਸੀ, ਜੋ ਕਰੀਬ 11 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੇ ਪਹਿਲੇ ਵਿਆਹਾਂ ਤੋਂ ਬੱਚੇ ਵੀ ਹਨ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੰਦੀਪ ਕੌਰ ਦੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਤੋਂ ਗੁਰਲਾਲ ਸਿੰਘ ਅਕਸਰ ਉਸਨੂੰ ਰੋਕਦਾ ਸੀ। ਇਸ ਕਾਰਨ ਘਰੇਲੂ ਕਲੇਸ਼ ਵੱਧ ਗਿਆ ਸੀ ਅਤੇ ਸੰਦੀਪ ਕੌਰ ਉਸਨੂੰ ਛੱਡ ਕੇ ਜਾਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਦੋਸ਼ ਹੈ ਕਿ ਸੰਦੀਪ ਕੌਰ, ਉਸਦਾ ਕਥਿਤ ਆਸ਼ਿਕ ਅਤੇ ਉਸਦੇ ਮਾਇਕੇ ਪੱਖ ਵੱਲੋਂ ਗੁਰਲਾਲ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ।
ਪਰਿਵਾਰ ਨੇ ਦੱਸਿਆ ਕਿ ਪਿਛਲੇ ਦਿਨ ਗੁਰਲਾਲ ਸਿੰਘ ਘਰ ਵਾਪਸ ਨਹੀਂ ਆਇਆ। ਜਦੋਂ ਉਸਦੀ ਤਲਾਸ਼ ਕੀਤੀ ਗਈ ਤਾਂ ਸੜਕ ਕਿਨਾਰੇ ਇੱਕ ਦਰੱਖਤ ਨਾਲ ਸ਼ੱਕੀ ਹਾਲਾਤਾਂ ਵਿੱਚ ਉਸਦੀ ਲਾਸ਼ ਮਿਲੀ। ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਗੁਰਲਾਲ ਸਿੰਘ ਦੀ ਗਰਦਨ ਤੋੜ ਕੇ ਉਸਨੂੰ ਦਰੱਖਤ ਨਾਲ ਲਟਕਾ ਕੇ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਥਾਣਾ ਰੂੜਕੇ ਕਲਾਂ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਬਾਰੇ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਪਰ ਮ੍ਰਿਤਕ ਦੇ ਪਿਤਾ ਤੇਜਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਗੁਰਲਾਲ ਸਿੰਘ ਦੀ ਪਤਨੀ ਸੰਦੀਪ ਕੌਰ ਅਤੇ ਪਿੰਡ ਦੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸਐਚਓ ਨੇ ਕਿਹਾ ਕਿ ਪੋਸਟਮਾਰਟਮ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਮਾਪਿਆਂ, ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।