ਸ੍ਰੀ ਫਤਿਹਗੜ੍ਹ ਸਾਹਿਬ:- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ,ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 25, 26 ਤੇ 27 ਦਸੰਬਰ ਨੂੰ ਸ਼ਹੀਦੀ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼ਹੀਦੀ ਸਭਾ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਅਰਪਿਤ ਸ਼ੁਕਲਾ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਵੱਲੋਂ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਭਾ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਲਈ 6 ਐਸਪੀ, 24 ਡੀਐਸਪੀ ਤੇ 3400 ਦੇ ਕਰੀਬ ਪੁਲਿਸ ਮੁਲਾਜ਼ਮ ਲਗਾਏ ਗਏ ਹਨ। ਉਥੇ ਹੀ 22 ਦੇ ਕਰੀਬ ਕਾਰ ਪਾਰਕਿੰਗ ਬਣਾਈਆਂ ਗਈਆਂ ਹਨ। ਉਥੇ 6 ਡ੍ਰੋਨਾਂ ਦੇ ਰਾਹੀ ਭੀੜ ਵਾਲੇ ਤੇ ਪਾਰਕਿੰਗ ਵਾਲੀਆਂ ਥਾਂਵਾਂ ਦੀ ਨਿਗਰਾਨੀ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ 300 ਦੇ ਕਰੀਬ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਥੇ ਹੀ ਫਤਿਹਗੜ੍ਹ ਸਾਹਿਬ ਦੀ ਐਂਟਰੀ ਬੋਰਡ ਲਗਾਏ ਗਏ ਹਨ। ਜਿਸ ਦੇ ਰਾਹੀ ਲੋਕਾਂ ਪਤਾ ਲੱਗ ਸਕੇਗਾ ਕਿ ਪਾਰਕਿੰਗ ਕਿਥੇ ਹੈ।
ਸ੍ਰੀ ਫਤਿਹਗੜ੍ਹ ਸਾਹਿਬ ‘NO VIP ਜ਼ੋਨ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 16 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਸ਼ਹੀਦੀ ਸਭਾ ਦੌਰਾਨ ਸ੍ਰੀ ਫਤਿਹਗੜ੍ਹ ਸਾਹਿਬ ਨੂੰ ‘NO VIP ਜ਼ੋਨ’ ਵਜੋਂ ਰੱਖਿਆ ਜਾਵੇਗਾ ਤਾਂ ਜੋ ਆਮ ਸੰਗਤ ਨੂੰ ਨਤਮਸਤਕ ਹੋਣ ਵੇਲੇ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਸੀ ਕਿ ਇਹਨਾਂ ਸ਼ਹਾਦਤ ਦੇ ਦਿਨਾਂ ਵਿੱਚ ਹਰ ਕੋਈ ਬਰਾਬਰ ਹੈ। ਉੱਥੇ ਹੀ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੰਗਤ ਦੀ ਸੁਰੱਖਿਆ ਅਤੇ ਸਹੂਲਤ ਲਈ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਹਨ।
ਉਹਨਾਂ ਕਿਹਾ ਸ਼ਰਧਾਲੂਆਂ ਲਈ 200 ਸ਼ਟਲ ਬੱਸਾਂ ਅਤੇ 100 ਤੋਂ ਵੱਧ ਈ-ਰਿਕਸ਼ਾ ਚਲਾਏ ਜਾਣਗੇ। ਵਾਹਨਾਂ ਲਈ 21 ਛੋਟੀਆਂ-ਵੱਡੀਆਂ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ। 60 ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਰ ਵੇਲੇ ਤਾਇਨਾਤ ਰਹਿਣਗੀਆਂ। ਮੋਬਾਈਲ ਨੈੱਟਵਰਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਾਈਵੇਟ ਕੰਪਨੀਆਂ ਨੂੰ ਆਰਜ਼ੀ ਟਾਵਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।