ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਉਹਨਾਂ ਦੀ ਇੱਛਾ ਅਨੁਸਾਰ ਅੰਤਿਮ ਵਿਦਾਇਗੀ ਦਿੱਤੀ ਗਈ, ਜਿਸ ਤਹਿਤ ਉਹਨਾਂ ਨੂੰ ਜਲੰਧਰ ਵਿੱਚ ਦਫ਼ਨਾਇਆ ਗਿਆ। ਉਨ੍ਹਾਂ ਦੀ ਆਖਰੀ ਇੱਛਾ ਅਨੁਸਾਰ ਉਸਤਾਦ ਸ਼ਾਹਕੋਟੀ ਨੂੰ ਉਨ੍ਹਾਂ ਦੇ ਦਿਓਲ ਨਗਰ ਸਥਿਤ ਘਰ ਨੇੜੇ ਅੰਤਿਮ ਵਿਦਾਇਗੀ ਦਿੱਤੀ ਗਈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਉਸਤਾਦ ਪੂਰਨ ਸ਼ਾਹਕੋਟੀ ਦੀ ਆਖਰੀ ਇੱਛਾ ਸੀ, ਕਿ ਉਹਨਾਂ ਨੂੰ ਕਬਰਸਤਾਨ ਨਾ ਲਿਜਾਇਆ ਜਾਵੇ। ਉੱਥੇ ਹੀ ਪੰਜਾਬ ਸੂਫ਼ੀ ਗਾਇਕ ਮਾਸਟਰ ਸਲੀਮ ਨੇ ਵੀ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਅਤੇ ਦਫ਼ਨਾਉਣ ਦੀ ਵੀਡੀਓਗ੍ਰਾਫੀ ਨਾ ਕਰਨ, ਜਿਸ ਤੋਂ ਬਾਅਦ ਮੀਡੀਆ ਨੂੰ ਬਾਹਰ ਰਹਿਣ ਲਈ ਕਿਹਾ ਗਿਆ। ਅੰਤਿਮ ਸੰਸਕਾਰ ਮੌਕੇ ਪੰਜਾਬੀ ਸੰਗੀਤ ਜਗਤ ਦੇ ਕਲਾਕਾਰ ਕਲੇਰ ਕੰਠ, ਜੀ ਖਾਨ, ਰਾਏ ਜੁਝਾਰ, ਨਵਰਾਜ ਹੰਸ, ਜਸਵਿੰਦਰ ਦਿਆਲਪੁਰੀ ਅਤੇ ਗੁਰਲੇਜ਼ ਅਖਤਰ ਉਸਤਾਦ ਪੂਰਨ ਸ਼ਾਹਕੋਟੀ ਨੂੰ ਸ਼ਰਧਾਂਜਲੀ ਮਾਸਟਰ ਸਲੀਮ ਦੇ ਘਰ ਪਹੁੰਚੇ।
ਪੰਜਾਬੀ ਸੂਫ਼ੀ ਕਲਾਕਾਰ ਹੰਸਰਾਜ ਹੰਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਵੀ ਉਸਤਾਦ ਸ਼ਾਹਕੋਟੀ ਦੇ ਚੇਲੇ ਸਨ। ਉਨ੍ਹਾਂ ਦੇ ਦੇਹਾਂਤ 'ਤੇ, ਜੱਸੀ ਨੇ ਕਿਹਾ, "ਮੈਂ ਉਸਤਾਦ ਪੂਰਨ ਸ਼ਾਹਕੋਟੀ ਨੂੰ ਆਪਣਾ ਗੁਰੂ ਮੰਨਦਾ ਸੀ।" ਉਨ੍ਹਾਂ ਨਾਲ ਹਰ ਮੁਲਾਕਾਤ ਮੇਰੀ ਪਹਿਲੀ ਮੁਲਾਕਾਤ ਵਾਂਗ ਸੀ। ਇੱਕ ਗੁਰੂ ਦਾ ਵਿਛੋੜਾ ਬਹੁਤ ਦੁਖਦਾਈ ਹੈ। ਪਿਆਰ ਦੇ ਮਾਲਕ ਪੂਰਨ ਸ਼ਾਹਕੋਟੀ, ਆਪਣੀ ਮੁਹਾਰਤ ਦੀ ਖੁਸ਼ਬੂ ਪਿੱਛੇ ਛੱਡ ਗਏ ਹਨ, ਇੱਕ ਯੁੱਗ ਬੀਤ ਗਿਆ ਹੈ।" ਸ਼ਾਹਕੋਟੀ ਦੇ ਦੇਹਾਂਤ 'ਤੇ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਕਿਹਾ, "ਪੂਰਨ ਸ਼ਾਹਕੋਟੀ ਉਨ੍ਹਾਂ ਮਹਾਨ ਆਤਮਾਵਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸੰਗੀਤ ਉਦਯੋਗ ਨੂੰ ਸਮਰਪਿਤ ਕਰ ਦਿੱਤਾ ਅਤੇ ਕਦੇ ਵਾਪਸ ਨਹੀਂ ਆਉਣਗੇ।"
ਬੀਤੀ ਦਿਨੀਂ ਉਸਤਾਦ ਪੂਰਨ ਸ਼ਾਹਕੋਟੀ ਦਾ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ, ਹੰਸਰਾਜ ਹੰਸ, ਜਿਨ੍ਹਾਂ ਨੇ ਉਨ੍ਹਾਂ ਤੋਂ ਸੰਗੀਤ ਸਿੱਖਿਆ ਸੀ, ਤੁਰੰਤ ਉਨ੍ਹਾਂ ਦੇ ਘਰ ਪਹੁੰਚ ਗਏ। ਉਨ੍ਹਾਂ ਨੂੰ ਆਪਣੇ ਗੁਰੂ ਦੇ ਦੇਹਾਂਤ 'ਤੇ ਬਹੁਤ ਜ਼ਿਆਦਾ ਰੋਂਦੇ ਹੋਏ ਦੇਖਿਆ ਗਿਆ।