Monday, 12th of January 2026

Akal Takht’s letter to MP’s-‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ ਨਾਂਅ

Reported by: Gurpreet Singh  |  Edited by: Jitendra Baghel  |  December 09th 2025 11:38 AM  |  Updated: December 09th 2025 11:38 AM
Akal Takht’s letter to MP’s-‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ ਨਾਂਅ

Akal Takht’s letter to MP’s-‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਵੇ ਨਾਂਅ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤੀ ਸੰਸਦ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਸਿੱਖ ਸਾਂਸਦਾਂ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਭਾਰਤ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਮਨਾਏ ਜਾਂਦੇ ਸ਼ਹੀਦੀ ਦਿਹਾੜੇ ਦੇ ਨਾਮ ਨੂੰ “ਵੀਰ ਬਾਲ ਦਿਵਸ” ਦੀ ਥਾਂ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਵਜੋਂ ਅਧਿਕਾਰਤ ਤੌਰ ਉੱਤੇ ਬਦਲਵਾਉਣ ਲਈ ਆਖਿਆ ਹੈ।

ਇਹ ਸਾਂਝਾ ਪੱਤਰ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਸਾਂਸਦ ਡਾ. ਅਮਰ ਸਿੰਘ, ਸ੍ਰੀ ਅੰਮ੍ਰਿਤਸਰ ਤੋਂ  ਗੁਰਜੀਤ ਸਿੰਘ, ਰਾਜ ਸਭਾ ਸਾਂਸਦ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਰਾਜ ਸਭਾ ਸਾਂਸਦ ਹਰਭਜਨ ਸਿੰਘ, ਬਠਿੰਡਾ ਤੋਂ ਲੋਕ ਸਭਾ ਸਾਂਸਦ ਬੀਬੀ ਹਰਸਿਮਰਤ ਕੌਰ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਸਾਂਸਦ ਮਲਵਿੰਦਰ ਸਿੰਘ, ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸੁਖਜਿੰਦਰ ਸਿੰਘ, ਰਾਜ ਸਭਾ ਸਾਂਸਦ ਵਿਕਰਮਜੀਤ ਸਿੰਘ, ਸੰਗਰੂਰ ਤੋਂ ਲੋਕ ਸਭ ਸਾਂਸਦ ਗੁਰਮੀਤ ਸਿੰਘ, ਫ਼ਿਰੋਜ਼ਪੁਰ ਤੋਂ ਲੋਕ ਸਭਾ ਸਾਂਸਦ ਸ਼ੇਰ ਸਿੰਘ, ਫ਼ਰੀਦਕੋਟ ਤੋਂ ਲੋਕ ਸਭਾ ਸਾਂਸਦ ਸਰਬਜੀਤ ਸਿੰਘ, ਜਲੰਧਰ ਤੋਂ ਲੋਕ ਸਭਾ ਸਾਂਸਦ ਚਰਨਜੀਤ ਸਿੰਘ, ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਲੁਧਿਆਣਾ ਤੋਂ ਲੋਕ ਸਭਾ ਸਾਂਸਦ ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਹੈ।

ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਾਲ 2022 ਤੋਂ ਭਾਰਤ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਜੀ ਦੇ ਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਦੇ ਨਾਮ ਉੱਤੇ ਇਤਰਾਜ਼ ਕਰਦਿਆਂ ਸੰਗਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਹੁਤ ਪੱਤਰ ਭੇਜੇ ਗਏ ਹਨ ਅਤੇ ਸਰਕਾਰ ਵੱਲੋਂ ਰੱਖੇ ਗਏ ਨਾਮ ਨੂੰ ਬਦਲਾਉਣ ਦੀ ਮੰਗ ਕੀਤੀ ਗਈ ਹੈ। 

ਸਾਰੇ ਸਾਂਸਦਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਦੇਸ਼ ਕੀਤਾ ਹੈ ਕਿ ਉਹ ਇਸ ਮਾਮਲੇ ਵਿਚ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸੰਸਦ ਅੰਦਰ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਰਕਾਰ ਦੀ ਤਰਫ਼ੋਂ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਵਜੋਂ ਅਧਿਕਾਰਤ ਰੂਪ ਵਿਚ ਐਲਾਨ ਕਰਵਾਉਣ ਲਈ ਪੁਰਜ਼ੋਰ ਯਤਨ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸੀਆਂ ਦੇ ਪਾਤਰ ਬਣਨ। ਇਹ ਪੱਤਰ ਸਾਂਸਦਾਂ ਦੀਆਂ ਅਧਿਕਾਰਤ ਈ-ਮੇਲ ਪਤਿਆਂ ਉੱਤੇ ਭੇਜ ਦਿੱਤੇ ਗਏ ਹਨ।