ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 'ਤੇ ਇੱਕ ਯਾਤਰੀ ਨਾਲ ਕਥਿਤ ਤੌਰ 'ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ । ਯਾਤਰੀ ਨੇ ਏਅਰ ਇੰਡੀਆ ਐਕਸਪ੍ਰੈਸ ਦੇ ਇੱਕ ਪਾਇਲਟ 'ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਦਾ ਦਾਅਵਾ ਹੈ ਕਿ ਘਟਨਾ ਸਮੇਂ ਉਹ ਆਪਣੇ ਪਰਿਵਾਰ ਅਤੇ ਛੋਟੇ ਬੱਚੇ ਨਾਲ ਯਾਤਰਾ ਕਰ ਰਿਹਾ ਸੀ। ਘਟਨਾ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਨੇ ਮੁਲਜ਼ਮ ਪਾਇਲਟ ਨੂੰ ਫੌਰਨ ਡਿਊਟੀ ਤੋਂ ਹਟਾ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪਾਇਲਟ ਉਸ ਵੇਲੇ ਡਿਊਟੀ ’ਤੇ ਨਹੀਂ ਸੀ।
ਅੰਕਿਤ ਦੀਵਾਨ ਨਾਂਅ ਦੇ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਕੈਪਟਨ ਵੀਰੇਂਦਰ ਨੇ ਨਾ ਸਿਰਫ਼ ਉਸ ਨਾਲ ਬਦਸਲੂਕੀ ਕੀਤੀ ਸਗੋਂ ਉਸ 'ਤੇ ਸਰੀਰਕ ਹਮਲਾ ਵੀ ਕੀਤਾ,ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਇਸ ਯਾਤਰੀ ਅੰਕਿਤ ਦੀਵਾਨ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਪੋਸਟ ਸੋਸ਼ਲ ਮੀਡੀਆ ’ਤੇ ਜਾਰੀ ਕਰਦਿਆਂ ਪਾਇਲਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਪੀੜਤ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਸ ਦੀਆਂ ਪੂਰੀਆਂ ਛੁੱਟੀਆਂ ਬਰਬਾਦ ਕਰ ਦਿੱਤੀਆਂ ਅਤੇ ਉਸਦਾ ਪਰਿਵਾਰ ਖਾਸ ਕਰਕੇ ਉਸਦੀ 7 ਸਾਲ ਦੀ ਧੀ ਹਾਲੇ ਵੀ ਸਦਮੇ ਵਿੱਚ ਹੈ।