Trending:
ਭਾਰਤ ਦੇ ਪੂਰਬੀ ਹਿੱਸੇ ’ਚ 2,520 ਕਿਲੋਮੀਟਰ ਲੰਬੇ ਕੌਰੀਡੋਰ ਦੇ ਨਾਲ ਇੱਕ NOTAM (Notice to Airmen) ਜਾਰੀ ਕੀਤਾ ਗਿਆ ਹੈ, ਜੋ ਕਿ ਓਡੀਸ਼ਾ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਬੰਗਾਲ ਦੀ ਖਾੜੀ ਤੱਕ ਦਾ ਖੇਤਰ ਕਵਰ ਕਰੇਗਾ। ਇਹ ਨੋਟੀਫਿਕੇਸ਼ਨ 17 ਤੋਂ 20 ਦਸੰਬਰ ਤੱਕ ਲਾਗੂ ਰਹੇਗਾ।
ਸੂਤਰਾਂ ਅਨੁਸਾਰ, ਇਹ ਚੇਤਾਵਨੀ ਮਿਜ਼ਾਈਲ ਪ੍ਰੀਖਣ ਨਾਲ ਸਬੰਧਤ ਹੋ ਸਕਦੀ ਹੈ, ਹਾਲਾਂਕਿ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੈ।
ਭਾਰਤ ਵੱਲੋਂ 6-8 ਦਸੰਬਰ ਤੱਕ ਬੰਗਾਲ ਦੀ ਖਾੜੀ ਦੇ ਉੱਪਰ 14,000 ਕਿਲੋਮੀਟਰ ਦੇ ਖੇਤਰ ’ਚ ਇੱਕ ਸੰਭਾਵੀ ਮਿਜ਼ਾਈਲ ਪ੍ਰੀਖਣ ਲਈ ਨੋ-ਫਲਾਈ ਜ਼ੋਨ ਨੋਟਿਸ ਜਾਰੀ ਕੀਤਾ ਗਿਆ ਸੀ। ਸੂਤਰਾਂ ਮੁਤਾਬਕ, ਭਾਰਤੀ ਹਥਿਆਰਬੰਦ ਸੈਨਾ ਵੱਲੋਂ ਖੇਤਰ ’ਚ ਇੱਕ ਸ਼ਕਤੀਸ਼ਾਲੀ ਸੁਪਰਸੋਨਿਕ ਮਿਜ਼ਾਈਲ ਦਾ ਟੈਸਟ ਕੀਤੀ ਜਾਣੀ ਸੀ।
ਇਸ ਤੋਂ ਪਹਿਲਾਂ, ਭਾਰਤੀ ਹਵਾਈ ਸੈਨਾ ਦੇ ਵੱਡੇ ਫੌਜੀ ਅਭਿਆਸ ਲਈ ਰਾਜਸਥਾਨ ਵਿੱਚ 23 ਜੁਲਾਈ ਤੋਂ 25 ਜੁਲਾਈ ਦੇ ਵਿਚਕਾਰ NOTAM ਜਾਰੀ ਕੀਤਾ ਗਿਆ ਸੀ, ਜੋ ਕਿ ਬਾੜਮੇਰ ਤੋਂ ਜੋਧਪੁਰ ਤੱਕ ਦੇ ਖੇਤਰਾਂ ਨੂੰ ਕਵਰ ਕਰਦਾ ਸੀ। ਇਸ ਅਭਿਆਸ ਦਾ ਉਦੇਸ਼ ਰਣਨੀਤਕ ਤੌਰ 'ਤੇ ਅਹਿਮ ਮਾਰੂਥਲ ਖੇਤਰ ’ਚ ਲੜਾਈ ਦੀਆਂ ਤਿਆਰੀਆਂ ਨੂੰ ਵਧਾਉਣਾ ਸੀ। ਇਹ ਉਹੀ ਖੇਤਰ ਹੈ, ਜਿੱਥੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਡਰੋਨ ਅਤੇ ਮਿਜ਼ਾਈਲਾਂ ਦੁਆਰਾ ਸਭ ਤੋਂ ਵੱਧ ਘੁਸਪੈਠ ਦੇਖੀ ਗਈ ਸੀ।
ਕੀ ਹੈ NOTAM?
NOTAM, ਜਾਂ ਨੋਟਿਸ ਟੂ ਏਅਰਮੈਨ, ਇੱਕ ਅਧਿਕਾਰਤ ਚੇਤਾਵਨੀ ਹੈ, ਜੋ ਹਵਾਬਾਜ਼ੀ ਉਦਯੋਗ ’ਚ ਪਾਇਲਟਾਂ, ਹਵਾਈ ਆਵਾਜਾਈ ਕੰਟਰੋਲਰਾਂ ਅਤੇ ਹੋਰ ਹਵਾਬਾਜ਼ੀ ਕਰਮਚਾਰੀਆਂ ਨਾਲ ਅਹਿਮ, ਸਮਾਂ-ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਲਈ ਵਰਤੀ ਜਾਂਦੀ ਹੈ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਇਹ ਸਿੱਧੇ ਤੌਰ 'ਤੇ ਉਡਾਣ ਸੰਚਾਲਨ ਅਤੇ ਹਵਾਈ ਸੁਰੱਖਿਆ ਨਾਲ ਜੁੜਿਆ ਹੋਇਆ ਹੈ।
NOTAM ਦਾ ਮੁੱਖ ਉਦੇਸ਼ ਸੁਰੱਖਿਅਤ ਅਤੇ ਸੁਚਾਰੂ ਹਵਾਈ ਯਾਤਰਾ ਨੂੰ ਯਕੀਨੀ ਬਣਾਉਣਾ ਹੈ। ਜਦੋਂ ਵੀ ਕਿਸੇ ਹਵਾਈ ਅੱਡੇ, ਹਵਾਈ ਖੇਤਰ ਜਾਂ ਹਵਾਬਾਜ਼ੀ ਸਹੂਲਤ ਨਾਲ ਸਬੰਧਤ ਕੋਈ ਅਸਥਾਈ ਤਬਦੀਲੀ, ਖ਼ਤਰਾ ਜਾਂ ਵਿਸ਼ੇਸ਼ ਸਥਿਤੀ ਹੁੰਦੀ ਹੈ, ਤਾਂ ਇੱਕ NOTAM ਜਾਰੀ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦੂਰਸੰਚਾਰ ਪ੍ਰਣਾਲੀਆਂ ਰਾਹੀਂ ਤੇਜ਼ੀ ਨਾਲ ਪ੍ਰਸਾਰਿਤ ਕੀਤੀ ਜਾਂਦੀ ਹੈ ਤਾਂ ਜੋ ਉਡਾਣ ਯੋਜਨਾਬੰਦੀ ’ਚ ਸ਼ਾਮਲ ਲੋਕ ਤੁਰੰਤ ਰੂਟਾਂ ਜਾਂ ਸਮਾਂ-ਸਾਰਣੀਆਂ ਨੂੰ ਅਨੁਕੂਲ ਕਰ ਸਕਣ।
NOTAM ਉਡਾਣ ਸੰਚਾਲਨ ’ਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਹਵਾਈ ਅੱਡੇ ਦੇ ਸੰਚਾਲਨ ਅਤੇ ਹਵਾਈ ਆਵਾਜਾਈ ਨੂੰ ਅਸਲ-ਸਮੇਂ ਦਾ ਡੇਟਾ ਪ੍ਰਦਾਨ ਕਰਦੇ ਹਨ।