ਦਿੱਲੀ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਧਿਕਾਰੀਆਂ ਦੇ ਦੱਸਣ ਕਿ ਸ਼ੁੱਕਰਵਾਰ ਨੂੰ ਘੱਟੋ-ਘੱਟ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
230 ਤੋਂ ਵੱਧ ਉਡਾਣਾਂ 'ਚ ਦੇਰੀ
ਫਲਾਈਟ tracking ਵੈੱਬਸਾਈਟ Flightradar24.com ਦੇ ਅੰਕੜਿਆਂ ਅਨੁਸਾਰ, ਸਵੇਰੇ ਹਵਾਈ ਅੱਡੇ ’ਤੇ 230 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ। ਉਡਾਣ ਭਰਨ ਵਾਲੀਆਂ ਫਲਾਈਟਾਂ ਦੀ ਦੇਰੀ ਦਾ ਔਸਤ ਸਮਾਂ ਲਗਭਗ 49 ਮਿੰਟ ਰਿਹਾ। ਅਧਿਕਾਰੀ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ 79 ਉਡਾਣਾਂ 'ਚ ਕੁਝ ਕੌਮਾਂਤਰੀ ਸੇਵਾਵਾਂ ਵੀ ਸ਼ਾਮਲ ਹਨ।
ਸੰਚਾਲਕ ਡਾਇਲ ਨੇ 'X' ’ਤੇ ਕੀਤਾ ਪੋਸਟ
ਦਿੱਲੀ ਹਵਾਈ ਅੱਡਾ ਸੰਚਾਲਕ ਡਾਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ’ਤੇ ਇੱਕ ਪੋਸਟ ਕਰਕੇ ਕਿਹਾ ਕਿ, “ ਸੰਘਣੀ ਧੁੰਦ ਕਾਰਨ ਉਡਾਣਾਂ ਦਾ ਸੰਚਾਲਨ CAT III ਹਾਲਤਾਂ 'ਚ ਜਾਰੀ ਹੈ। ਹਾਲਾਂਕਿ ਉਡਾਣਾਂ ਦਾ ਆਉਣਾ-ਜਾਣਾ ਜਾਰੀ ਹੈ, ਪਰ ਕੁਝ ਉਡਾਣਾਂ ਵਿੱਚ ਦੇਰੀ ਜਾਂ ਵਿਘਨ ਪੈ ਸਕਦਾ ਹੈ।”
ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ, ਜੋ ਆਮ ਤੌਰ ’ਤੇ ਰੋਜ਼ਾਨਾ ਲਗਭਗ 1,300 ਉਡਾਣਾਂ ਦਾ ਸੰਚਾਲਨ ਕਰਦਾ ਹੈ। ‘DIAL’ ਨੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ’ਤੇ ਅਫ਼ਸੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਜ਼ਮੀਨੀ ਅਧਿਕਾਰੀ ਯਾਤਰੀਆਂ ਦੀ ਸਹਾਇਤਾ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਟਰਮੀਨਲਾਂ ’ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।