ਅੱਜ ਸਵੇਰੇ ਅਸਾਮ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਰਿਕਟਰ ਪੈਮਾਨੇ ‘ਤੇ 5.1 ਤੀਬਰਤਾ ਵਾਲਾ ਇੱਕ ਸ਼ਕਤੀਸ਼ਾਲੀ ਭੂਚਾਲ ਮਹਿਸੂਸ ਕੀਤਾ ਗਿਆ। ਭੂਚਾਲ ਸਵੇਰੇ 4:17 ਵਜੇ ਆਇਆ, ਜਿਸ ਨਾਲ ਮੱਧ ਅਸਾਮ ਦੇ ਕਈ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਮੁਤਾਬਕ, ਭੂਚਾਲ ਦਾ ਕੇਂਦਰ ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ਦੇ ਨੇੜੇ ਦਰਜ ਕੀਤਾ ਗਿਆ। NCS, ਜੋ ਭਾਰਤ ਸਰਕਾਰ ਦੀ ਨੋਡਲ ਏਜੰਸੀ ਹੈ, ਨੇ ਦੱਸਿਆ ਕਿ ਭੂਚਾਲ ਦੀ ਗਹਿਰਾਈ ਧਰਤੀ ਹੇਠਾਂ ਲਗਭਗ 50 ਕਿਲੋਮੀਟਰ ਸੀ।
ਭੂਚਾਲ ਦੇ ਝਟਕੇ ਮੋਰੀਗਾਓਂ ਸਮੇਤ ਨੇੜਲੇ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ। ਸਥਾਨਕ ਵਸਨੀਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਅਧਿਕਾਰੀਆਂ ਅਨੁਸਾਰ, ਭੂਚਾਲ ਦਾ ਕੇਂਦਰ ਕੋਪਿਲੀ ਫਾਲਟ ਲਾਈਨ ਦੇ ਨੇੜੇ ਸਥਿਤ ਸੀ, ਜੋ ਪਹਿਲਾਂ ਵੀ ਕਈ ਭੂਚਾਲਾਂ ਲਈ ਜਾਣੀ ਜਾਂਦੀ ਹੈ। ਹਾਲਾਂਕਿ, ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਜਾਇਦਾਦੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਅਸਾਮ ਤੋਂ ਇਲਾਵਾ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਉੱਤਰ-ਪੂਰਬੀ ਖੇਤਰ ਦੇ ਹੋਰ ਹਿੱਸਿਆਂ ਵਿੱਚ ਵੀ ਮਹੱਤਵਪੂਰਨ ਭੂਚਾਲ ਮਹਿਸੂਸ ਕੀਤੇ ਗਏ।
ਗੌਰਤਲਬ ਹੈ ਕਿ ਅਸਾਮ ਅਤੇ ਉੱਤਰ-ਪੂਰਬੀ ਭਾਰਤ ਨੂੰ ਭੂਚਾਲ-ਸੰਭਾਵਿਤ ਮੰਨਿਆ ਜਾਂਦਾ ਹੈ। ਇੱਥੇ ਪਿਛਲੇ ਸਮੇਂ ਵਿੱਚ ਕਈ ਹਲਕੇ ਤੋਂ ਦਰਮਿਆਨੇ ਭੂਚਾਲ ਆਏ ਹਨ।