Sunday, 11th of January 2026

Shooting near White House-ਅਮਰੀਕਾ ‘ਚ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ

Reported by: Gurpreet Singh  |  Edited by: Jitendra Baghel  |  November 27th 2025 11:54 AM  |  Updated: November 27th 2025 11:54 AM
Shooting near White House-ਅਮਰੀਕਾ ‘ਚ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ

Shooting near White House-ਅਮਰੀਕਾ ‘ਚ ਵ੍ਹਾਈਟ ਹਾਊਸ ਨੇੜੇ ਗੋਲੀਬਾਰੀ

ਵਾਸ਼ਿੰਗਟਨ ਡੀਸੀ ‘ਚ ਵ੍ਹਾਈਟ ਹਾਊਸ ਤੋਂ ਕੁੱਝ ਦੂਰੀ ‘ਤੇ ਹੋਈ ਗੋਲੀਬਾਰੀ ਨੇ ਦਹਿਸ਼ਤ ਫੈਲਾ ਦਿੱਤੀ। ਗੋਲੀਬਾਰੀ ‘ਚ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚ ਦੋ ਨੈਸ਼ਨਲ ਗਾਰਡ ਮੈਂਬਰ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਵਾਸ਼ਿੰਗਟਨ ਦੇ ਮੇਅਰ ਮਯੂਰਿਅਲ ਬੋਸਰ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ਟਾਰਗੇਟਿਡ ਹਮਲਾ ਕਿਹਾ। FBI ਡਾਇਰੈਕਟਰ ਕਾਸ਼ ਪਟੇਲ ਤੇ ਮੇਅਰ ਮਯੂਰਿਅਲ ਬੋਸਰ ਨੇ ਕਿਹਾ ਕਿ ਗਾਰਡ ਮੈਂਬਰਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2:30 ਵਜੇ ਵਾਪਰੀ।

ਰਿਪੋਰਟਾਂ ਅਨੁਸਾਰ, ਗੋਲੀਬਾਰੀ ਵ੍ਹਾਈਟ ਹਾਊਸ ਦੇ ਉੱਤਰ-ਪੱਛਮ ਵਿੱਚ ਲਗਭਗ ਦੋ ਬਲਾਕਾਂ ਵਿੱਚ ਹੋਈ। ਹਾਲਾਂਕਿ, ਗੋਲੀਬਾਰੀ ਦੇ ਸਮੇਂ ਟਰੰਪ ਵਾਸ਼ਿੰਗਟਨ ਵਿੱਚ ਨਹੀਂ ਸਨ। ਉਹ ਫਲੋਰੀਡਾ ਦੇ ਆਪਣੇ ਪਾਮ ਬੀਚ, ਰਿਜ਼ੋਰਟ, ਮਾਰ-ਏ-ਲਾਗੋ ਵਿੱਚ ਸਨ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਘਟਨਾ ਸਥਾਨ ਦੇ ਨੇੜੇ ਕਈ ਉੱਚੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਤੋਂ ਬਾਅਦ ਲੋਕਾਂ ਨੂੰ ਵ੍ਹਾਈਟ ਹਾਊਸ ਦੇ ਬਾਹਰ ਇੱਕ ਵਿਅਸਤ ਖੇਤਰ, ਫਰਾਗੁਟ ਸਕੁਏਅਰ ਤੋਂ ਭੱਜਦੇ ਦੇਖਿਆ ਗਿਆ।

ਮੈਟਰੋਪੋਲੀਟਨ ਪੁਲਿਸ ਦੇ ਸਹਾਇਕ ਮੁਖੀ ਜੈਫ ਕੈਰੋਲ ਨੇ ਕਿਹਾ ਕਿ ਨੈਸ਼ਨਲ ਗਾਰਡ ਦੇ ਸਿਪਾਹੀ ਗਸ਼ਤ ‘ਤੇ ਸਨ ਜਦੋਂ ਹਮਲਾਵਰ ਇੱਕ ਕੋਨੇ ਤੋਂ ਆਇਆ ਤੇ ਉਨ੍ਹਾਂ ‘ਤੇ ਹਮਲਾ ਕੀਤਾ। ਗੋਲੀਬਾਰੀ ਤੋਂ ਬਾਅਦ, ਹੋਰ ਗਾਰਡ ਮੈਂਬਰਾਂ ਨੇ ਸ਼ੱਕੀ ਨੂੰ ਘੇਰ ਲਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਸਮੇਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਿਰਾਸਤ ‘ਚ ਲਏ ਗਏ ਸ਼ੱਕੀ ਨੂੰ ਵੀ ਗੋਲੀ ਲੱਗੀ ਸੀ। ਵਾਸ਼ਿੰਗਟਨ, ਡੀ.ਸੀ. ‘ਚ ਨੈਸ਼ਨਲ ਗਾਰਡ ਗੋਲੀਬਾਰੀ ਦੇ ਸ਼ੱਕੀ ਵਿਅਕਤੀ ਦੀ ਪਛਾਣ ਰਹਿਮਾਨਉੱਲਾ ਲਕਨਵਾਲ ਵਜੋਂ ਹੋਈ ਹੈ, ਜੋ ਕਿ 29 ਸਾਲਾ ਅਫਗਾਨ ਨਾਗਰਿਕ ਹੈ ਤੇ 2021 ‘ਚ ਸੰਯੁਕਤ ਰਾਜ ਅਮਰੀਕਾ ਆਇਆ ਸੀ।

ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਹਮਲੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ‘ਚ, ਟਰੰਪ ਨੇ ਕਿਹਾ ਕਿ ਜ਼ਿੰਮੇਵਾਰ ਵਿਅਕਤੀ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਨੈਸ਼ਨਲ ਗਾਰਡ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਈਸ਼ਵਰ ਸਾਡੇ ਮਹਾਨ ਨੈਸ਼ਨਲ ਗਾਰਡ ਤੇ ਸਾਡੀਆਂ ਪੂਰੀਆਂ ਫੌਜਾਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਸੀਸ ਦੇਵੇ। ਇਹ ਸੱਚਮੁੱਚ ਮਹਾਨ ਲੋਕ ਹਨ। ਸੰਯੁਕਤ ਰਾਜ ਦੇ ਰਾਸ਼ਟਰਪਤੀ ਹੋਣ ਦੇ ਨਾਤੇ, ਮੈਂ ਤੇ ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਹਰ ਕੋਈ ਤੁਹਾਡੇ ਨਾਲ ਖੜ੍ਹਾ ਹਾਂ!”

ਹਮਲੇ ਤੋਂ ਬਾਅਦ, ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਸ਼ਹਿਰ ‘ਚ ਸੈਨਿਕਾਂ ਦੀ ਗਿਣਤੀ ਵਧਾਉਣ ਦੀ ਬੇਨਤੀ ਕੀਤੀ ਸੀ। ਹੇਗਸੇਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਘਟਨਾ ਵ੍ਹਾਈਟ ਹਾਊਸ ਤੋਂ ਕੁੱਝ ਕਦਮਾਂ ਦੀ ਦੂਰੀ ‘ਤੇ ਵਾਪਰੀ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸੇ ਲਈ ਰਾਸ਼ਟਰਪਤੀ ਟਰੰਪ ਨੇ ਮੈਨੂੰ ਕਿਹਾ ਹੈ ਤੇ ਮੈਂ ਫੌਜ ਦੇ ਸਕੱਤਰ ਨੂੰ ਵਾਸ਼ਿੰਗਟਨ, ਡੀਸੀ ‘ਚ 500 ਵਾਧੂ ਨੈਸ਼ਨਲ ਗਾਰਡ ਸੈਨਿਕ ਤਾਇਨਾਤ ਕਰਨ ਲਈ ਕਹਾਂਗਾ।