ਪਾਕਿਸਤਾਨੀ ਫੌਜ ਮੁਖੀ ਨੇ ਰਾਵਲਪਿੰਡੀ ਆਰਮੀ ਹੈੱਡਕੁਆਰਟਰ ਵਿਖੇ ਆਪਣੇ ਭਰਾ ਦੇ ਪੁੱਤਰ ਨਾਲ ਆਪਣੀ ਤੀਜੀ ਧੀ ਦਾ ਵਿਆਹ ਕੀਤਾ। ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਦੀ ਧੀ ਮਾਹਨੂਰ ਦਾ ਵਿਆਹ 26 ਦਸੰਬਰ ਨੂੰ ਰਾਵਲਪਿੰਡੀ ’ਚ ਕੀਤਾ ਗਿਆ। ਮੁਨੀਰ ਦੀਆਂ ਚਾਰ ਧੀਆਂ ਨੇ।
ਵਿਆਹ ਪਾਕਿਸਤਾਨੀ ਫੌਜ ਹੈੱਡਕੁਆਰਟਰ ’ਚ ਹੋਇਆ ਸੀ ਅਤੇ ਇਸ ’ਚ ਕਈ ਸੀਨੀਅਰ ਰਾਜਨੀਤਿਕ ਅਤੇ ਫੌਜੀ ਨੇਤਾ ਸ਼ਾਮਲ ਹੋਏ ਸਨ, ਹਾਲਾਂਕਿ ਕੋਈ ਅਧਿਕਾਰਤ ਤਸਵੀਰਾਂ ਜਾਰੀ ਨਹੀਂ ਕੀਤੀਆਂ ਗਈਆਂ ਸਨ।
ਮੌਜੂਦ ਲੋਕਾਂ ਵਿੱਚ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਉਪ ਪ੍ਰਧਾਨ ਮੰਤਰੀ ਇਸਹਾਕ ਡਾਰ, ISI ਮੁਖੀ ਅਤੇ ਸੇਵਾਮੁਕਤ ਜਨਰਲਾਂ ਅਤੇ ਸਾਬਕਾ ਫੌਜ ਮੁਖੀਆਂ ਸਮੇਤ ਹੋਰ ਉੱਚ ਫੌਜੀ ਅਧਿਕਾਰੀ ਸ਼ਾਮਲ ਸਨ। ਸੁਰੱਖਿਆ ਚਿੰਤਾਵਾਂ ਦੇ ਕਾਰਨ, ਇਹ ਸਮਾਗਮ ਗੁਪਤ ਢੰਗ ਨਾਲ ਕਰਵਾਇਆ ਗਿਆ।
ਮਾਹਨੂਰ ਨੇ ਆਪਣੇ ਪਹਿਲੇ ਚਚੇਰੇ ਭਰਾ ਅਬਦੁਲ ਰਹਿਮਾਨ ਨਾਲ ਵਿਆਹ ਕੀਤਾ, ਜੋ ਜਨਰਲ ਮੁਨੀਰ ਦਾ ਭਤੀਜਾ ਹੈ। ਅਬਦੁਲ ਰਹਿਮਾਨ ਪਹਿਲਾਂ ਫੌਜ ’ਚ ਕੈਪਟਨ ਸੀ, ਜਿਸ ਤੋਂ ਬਾਅਦ ਉਹ ਫੌਜੀਆਂ ਲਈ ਰਾਖਵੇਂ ਕੋਟੇ ਰਾਹੀਂ ਸਿਵਲ ਸੇਵਾਵਾਂ ’ਚ ਸ਼ਾਮਲ ਹੋ ਗਿਆ। ਉਹ ਵਰਤਮਾਨ ’ਚ ਸਹਾਇਕ ਕਮਿਸ਼ਨਰ ਦਾ ਅਹੁਦਾ ਸੰਭਾਲਦਾ ਹੈ।