ਬੰਗਲਾਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਪ੍ਰਮੁੱਖ ਨੇਤਾ ਖਾਲਿਦਾ ਜ਼ਿਆ ਦਾ ਅੱਜ ਸਵੇਰੇ ਕਰੀਬ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ 20 ਦਿਨਾਂ ਤੋਂ ਵੈਂਟੀਲੇਟਰ ’ਤੇ ਸੀ ਅਤੇ Kidney ਦੀ ਗੰਭੀਰ ਬਿਮਾਰੀ ਸਮੇਤ ਕਈ ਹੋਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ।
ਜਾਣਕਾਰੀ ਮੁਤਾਬਕ, ਖਾਲਿਦਾ ਜ਼ਿਆ ਲੰਬੇ ਸਮੇਂ ਤੋਂ ਛਾਤੀ ਦੀ ਇਨਫੈਕਸ਼ਨ, Kidney ਦੀ ਬਿਮਾਰੀ, ਸ਼ੂਗਰ, ਗਠੀਆ ਤੇ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਪੀੜਤ ਰਹੀ। ਉਨ੍ਹਾਂ ਦੀ ਸਿਹਤ ਬੀਤੇ ਕੁਝ ਦਿਨਾਂ ਵਿੱਚ ਕਾਫ਼ੀ ਨਾਜ਼ੁਕ ਹੋ ਗਈ ਸੀ।
ਖਾਲਿਦਾ ਜ਼ਿਆ ਨੇ 1991 ਤੋਂ 1996 ਅਤੇ 2001 ਤੋਂ 2006 ਤੱਕ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਪਤਨੀ ਸੀ ਅਤੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਚਿਹਰਾ ਮੰਨੀ ਜਾਂਦੀ ਸੀ।
ਹੈਰਾਨੀਜਨਕ ਗੱਲ ਇਹ ਰਹੀ ਕਿ ਗੰਭੀਰ ਸਿਹਤ ਹਾਲਤ ਦੇ ਬਾਵਜੂਦ ਖਾਲਿਦਾ ਜ਼ਿਆ ਨੇ ਸੋਮਵਾਰ (29 ਦਸੰਬਰ) ਨੂੰ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਬੀਐਨਪੀ ਦੇ ਸੀਨੀਅਰ ਨੇਤਾਵਾਂ ਵੱਲੋਂ ਬੋਗੁਰਾ-7 ਹਲਕੇ ਤੋਂ ਉਨ੍ਹਾਂ ਦੀ ਨਾਮਜ਼ਦਗੀ ਜਮ੍ਹਾਂ ਕਰਵਾਈ ਗਈ ਸੀ । ਇਹ ਹਲਕਾ ਬੀਐਨਪੀ ਲਈ ਖ਼ਾਸ ਮਹੱਤਵ ਰੱਖਦਾ ਹੈ ਕਿਉਂਕਿ ਇੱਥੇ ਹੀ ਪਾਰਟੀ ਦੇ ਸੰਸਥਾਪਕ ਜ਼ਿਆਉਰ ਰਹਿਮਾਨ ਦਾ ਘਰ ਸਥਿਤ ਹੈ।
ਖਾਲਿਦਾ ਜ਼ਿਆ ਦੇ ਦੇਹਾਂਤ ’ਤੇ ਦੇਸ਼ਾਂ ਵਿਦੇਸ਼ਾਂ ਚ ਸੋਗ ਦੀ ਲਹਿਰ ਹੈ । ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਖਾਲਿਦਾ ਜ਼ਿਆ ਦੇ ਦੇਹਾਂਤ ਨਾਲ ਬੰਗਲਾਦੇਸ਼ ਨੇ ਇੱਕ ਅਜਿਹਾ ਨੇਤਾ ਗੁਆ ਦਿੱਤਾ ਹੈ ਜਿਸਨੇ ਲੰਬੇ ਸਮੇਂ ਤੱਕ ਦੇਸ਼ ਲਈ ਕੰਮ ਕੀਤਾ ਅਤੇ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਖਾਲਿਦਾ ਜ਼ਿਆ ਦੀ ਮੌਤ ਨਾਲ ਬੰਗਲਾਦੇਸ਼ ਦੀ ਰਾਜਨੀਤੀ ਵਿੱਚ ਇੱਕ ਯੁੱਗ ਦਾ ਅੰਤ ਮੰਨਿਆ ਜਾ ਰਿਹਾ ਹੈ ਅਤੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।