ਬੰਗਲਾਦੇਸ਼ ’ਚ ਇੱਕ ਹੋਰ ਹਿੰਦੂ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਖੋਕੋਨ ਦਾਸ ਵਜੋਂ ਹੋਈ ਹੈ। ਹਮਲੇ ’ਚ 50 ਸਾਲਾ ਖੋਕੋਨ ਦਾਸ ਜ਼ਖਮੀ ਹੋ ਗਿਆ ਸੀ ਅਤੇ ਬਾਅਦ ’ਚ ਉਸਨੂੰ ਜ਼ਿੰਦਾ ਸਾੜ ਦਿੱਤਾ ਗਿਆ। ਇਹ ਘਟਨਾ 31 ਦਸੰਬਰ ਨੂੰ ਸ਼ਰੀਅਤਪੁਰ ਜ਼ਿਲ੍ਹੇ ’ਚ ਵਾਪਰੀ।
ਰਿਪੋਰਟਾਂ ਮੁਤਾਬਕ, ਦਾਸ ਘਰ ਜਾ ਰਿਹਾ ਸੀ, ਜਦੋਂ ਇੱਕ ਭੀੜ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਉਸਨੂੰ ਕੁੱਟਿਆ ਅਤੇ ਅੱਗ ਲਗਾ ਦਿੱਤੀ। ਇਹ ਬੰਗਲਾਦੇਸ਼ ’ਚ ਹਿੰਦੂ 'ਤੇ ਚੌਥਾ ਹਮਲਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਬੇਜੇਂਦਰ ਬਿਸਵਾਸ ਨਾਂਅ ਦੇ ਇੱਕ ਹਿੰਦੂ ਨੌਜਵਾਨ ਨੂੰ ਉਸਦੇ ਸਾਥੀ ਨੇ ਗੋਲੀ ਮਾਰ ਦਿੱਤੀ ਸੀ। 24 ਦਸੰਬਰ ਨੂੰ, ਬੰਗਲਾਦੇਸ਼ ਦੇ ਕਾਲੀਮੋਹਰ ਯੂਨੀਅਨ ਦੇ ਹੁਸੈਨਡੰਗਾ ਖੇਤਰ ’ਚ ਇੱਕ ਹੋਰ ਹਿੰਦੂ ਨੌਜਵਾਨ, 29 ਸਾਲਾ ਅੰਮ੍ਰਿਤ ਮੰਡਲ ਨੂੰ ਭੀੜ ਨੇ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਇਸ ਤੋਂ ਪਹਿਲਾਂ 18 ਦਸੰਬਰ ਨੂੰ, 25 ਸਾਲਾ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦਾ ਮਯਮਨਸਿੰਘ ਦੇ ਭਾਲੂਕਾ ’ਚ ਇੱਕ ਭੀੜ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਭੀੜ ਨੇ ਦਾਸ ਨੂੰ ਮਾਰ ਦਿੱਤਾ ਅਤੇ ਫਿਰ ਉਸਦੀ ਲਾਸ਼ ਨੂੰ ਅੱਗ ਲਗਾਉਣ ਤੋਂ ਪਹਿਲਾਂ ਇੱਕ ਦਰੱਖਤ ਨਾਲ ਲਟਕਾ ਦਿੱਤਾ ਸੀ।