ਬੰਗਲਾਦੇਸ਼ ’ਚ ਅਸ਼ਾਂਤੀ ਅਤੇ ਰਾਜਨੀਤਿਕ ਅਸਥਿਰਤਾ ਵਿਚਾਲੇ BNP ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ ਦੀ 17 ਸਾਲਾਂ ਦੇ ਅੰਤਰਾਲ ਤੋਂ ਬਾਅਦ ਵਾਪਸੀ ਹੋਈ ਹੈ। ਬੰਗਲਾਦੇਸ਼ ’ਚ ਸੰਸਦੀ ਚੋਣਾਂ ਤੋਂ ਕੁੱਝ ਹਫ਼ਤੇ ਪਹਿਲਾਂ ਢਾਕਾ ਪਹੁੰਚਣ ’ਤੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਜਲਦੀ ਹੀ ਤਾਰਿਕ ਵੱਲੋਂ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਜਤਾਈ ਜਾ ਰਹੀ ਹੈ।
ਇਸ ਦੌਰਾਨ BNP ਦੀ ਸਥਾਈ ਕਮੇਟੀ ਦੇ ਮੈਂਬਰਾਂ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪਤਨੀ ਜ਼ੁਬੈਦਾ ਰਹਿਮਾਨ ਅਤੇ ਧੀ ਜ਼ਾਇਮਾ ਰਹਿਮਾਨ ਵੀ ਮੌਜੂਦ ਸਨ।
ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ 60 ਸਾਲਾ ਪੁੱਤਰ ਰਹਿਮਾਨ, ਆਉਣ ਵਾਲੀਆਂ ਫਰਵਰੀ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰੇ ਹਨ।
BNP ਨੇ ਰਾਜਧਾਨੀ ’ਚ ਇੱਕ ਘਰ ਤਿਆਰ ਕੀਤਾ ਹੈ ਅਤੇ ਰਹਿਮਾਨ ਲਈ ਪ੍ਰਚਾਰ ਕਰਨ ਲਈ ਵਾਧੂ ਬੁਲੇਟਪਰੂਫ ਵਾਹਨ ਵੀ ਖਰੀਦੇ ਹਨ। ਦਰਅਸਲ, ਬੁੱਧਵਾਰ (24 ਦਸੰਬਰ, 2025) ਨੂੰ ਰਾਜਧਾਨੀ ਦੇ ਮੋਗਬਾਜ਼ਾਰ ਖ਼ੇਤਰ ’ਚ ਇੱਕ ਬੰਬ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋਣ ਨਾਲ ਢਾਕਾ ’ਚ ਸੁਰੱਖਿਆ ਸਥਿਤੀ ਗੰਭੀਰ ਬਣੀ ਹੋਈ ਹੈ।